ਨਵੀਂ ਦਿੱਲੀ: ਲੱਦਾਖ 'ਚ ਭਾਰਤ-ਚੀਨ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਜੰਮੂ-ਕਸ਼ਮੀਰ 'ਚ ਫੂਡ ਸਪਲਾਈ ਤੇ ਕੰਜ਼ਿਊਮਰ ਅਫੇਰਸ ਵਿਭਾਗ ਵੱਲੋਂ ਜਾਰੀ ਹੁਕਮਾਂ 'ਚ ਐਲਪੀਜੀ ਸਿਲੰਡਰ ਦਾ ਲੋੜੀਂਦਾ ਸਟੌਕ ਨਿਸਚਿਤ ਬਣਾਉਣ ਲਈ ਕਿਹਾ ਹੈ। ਕਿਉਂਕਿ ਆਉਣ ਵਾਲੇ ਦਿਨਾਂ 'ਚ ਹਾਈਵੇਅ ਬੰਦ ਹੋਣ ਕਾਰਨ ਸਿਲੰਡਰ ਲਿਆਉਣ 'ਚ ਮੁਸ਼ਕਿਲ ਹੋ ਸਕਦੀ ਹੈ।


ਆਦੇਸ਼ 'ਚ ਕਿਹਾ ਗਿਆ ਕਿ ਜ਼ਮੀਨ ਖਿਸਕਣ ਕਾਰਨ ਕੌਮੀ ਰਾਜਮਾਰਗ ਬੰਦ ਹੋਣ ਕਾਰਨ ਪੂਰਤੀ ਪ੍ਰਭਾਵਿਤ ਹੋ ਸਕਦੀ ਹੈ। ਪਰ ਤੱਥ ਇਹ ਹੈ ਕਿ ਤੇਲ ਕੰਪਨੀਆਂ ਕੋਲ ਜੋ ਸਟੌਕ ਹੈ ਉਹ ਘੱਟੋ ਘੱਟ 15 ਜਾਂ 30 ਦਿਨ ਚੱਲ ਸਕਦਾ ਹੈ। ਅਜਿਹਾ ਕੋਈ ਆਦੇਸ਼ ਜਾਰੀ ਕਰਨ ਦੀ ਲੋੜ ਨਹੀਂ ਸਮਝੀ ਜਾਂਦੀ। ਦੂਜਾ ਹਾਈਵੇਅ ਦੀ ਸਥਿਤੀ ਏਨੀ ਮਾੜੀ ਨਹੀਂ ਕਿ ਏਨੇ ਲੰਮੇ ਸਮੇਂ ਲਈ ਬੰਦ ਕੀਤਾ ਜਾਵੇ।


ਇਸ ਤਰ੍ਹਾਂ ਦੇ ਆਦੇਸ਼ ਪਿਛਲੇ ਸਾਲ ਜੁਲਾਈ 'ਚ ਧਾਰਾ 370 ਖਤਮ ਕਰਨ ਤੋਂ ਪਹਿਲਾਂ ਤੇ ਬਾਲਾਕੋਟ ਹਵਾਈ ਹਮਲੇ ਤੋਂ ਪਹਿਲਾਂ ਵੀ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ ਸੁਰੱਖਿਆ ਬਲਾਂ ਲਈ ਸਕੂਲੀ ਇਮਾਰਤਾਂ ਖਾਲੀ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।


ਕਸ਼ਮੀਰ 'ਚ ਗਾਂਦਰਬਲ ਜ਼ਿਲ੍ਹਾ ਲੱਦਾਖ ਦੇ ਕਾਰਗਿਲ ਨਾਲ ਲੱਗਦਾ ਹੈ। ਇਸ ਮਾਮਲੇ ਨੂੰ ਲੈਕੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਦੇ ਹੁਕਮ ਕਸ਼ਮੀਰ 'ਚ ਦਹਿਸ਼ਤ ਪੈਦਾ ਕਰ ਰਹੇ ਹਨ।





ਇਕ ਹੋਰ ਆਦੇਸ਼ 'ਚ ਗਾਂਦਰਬਲ ਦੇ ਪੁਲਿਸ ਅਧਿਕਾਰੀ ਨੇ ਜ਼ਿਲ੍ਹੇ ਦੇ 16 ਸਕੂਲਾਂ, ਵਿੱਦਿਅਕ ਸੰਸਥਾਵਾਂ ਨੂੰ ਇਮਾਰਤਾਂ ਖਾਲੀ ਕਰਨ ਦੀ ਅਪੀਲ ਕੀਤੀ ਹੈ। ਹੁਕਮਾਂ 'ਚ ਕਿਹਾ ਗਿਆ ਕਿ ਅਮਰਨਾਥ ਯਾਤਰਾ-2020 ਦੇ ਮੱਦੇਨਜ਼ਰ ਇਨ੍ਹਾਂ ਵਿੱਦਿਅਕ ਸੰਸਥਾਵਾਂ ਨੂੰ CAPF ਦੀਆਂ ਕੰਪਨੀਆਂ ਦੀ ਰਿਹਾਇਸ਼ ਲਈ ਉਪਲਬਧ ਕਰਵਾਇਆ ਜਾਵੇ।


ਇਹ ਵੀ ਪੜ੍ਹੋ: