ਊਨਾ: ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਊਨਾ ਦੇ ਪਿੰਡ ਟਾਹਲੀਵਾਲ ਵਿੱਚ ਟਰੱਕ ਬੇਕਾਬੂ ਹੋ ਗਿਆ, ਜਿਸ ਹੇਠਾਂ ਆਉਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਟਰੱਕ ਹਾਈਡ੍ਰੋਜਨ ਗੈਸ ਦੇ ਸਿਲੰਡਰਾਂ ਨਾਲ ਲੱਦਿਆ ਹੋਇਆ ਸੀ। ਮ੍ਰਿਤਕਾਂ ਵਿੱਚ ਸੱਤ ਸਾਲਾ ਬੱਚੇ ਦੇ ਨਾਲ-ਨਾਲ ਇੱਕ ਮੁਟਿਆਰ ਤੇ 30 ਸਾਲਾ ਨੌਜਵਾਨ ਸ਼ਾਮਲ ਹੈ। ਇਸ ਹਾਦਸੇ ਵਿੱਚ ਕਈ ਜਣੇ ਜ਼ਖ਼ਮੀ ਵੀ ਹੋਏ ਹਨ। ਹਾਲਾਂਕਿ, ਹਾਦਸੇ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗਾ ਪਰ ਕਿਆਸ ਲਾਏ ਜਾ ਰਹੇ ਹਨ ਕਿ ਟਰੱਕ ਦੇ ਬਰੇਕ ਫੇਲ੍ਹ ਹੋ ਗਏ ਸਨ। ਬਰੇਕ ਨਾ ਲੱਗਣ ਕਾਰਨ ਟਰੱਕ ਨੇ ਟਾਹਲੀਵਾਲ ਦੇ ਬਾਜ਼ਾਰ ਦੀਆਂ ਕਈ ਦੁਕਾਨਾਂ ਤੇ ਰੇਹੜੀਆਂ-ਖੋਖੇ ਆਦਿ ਤੋੜ ਦਿੱਤੇ। ਇਸ ਕਾਰਨ ਲੋਕਾਂ ਦਾ ਕਾਫੀ ਮਾਲੀ ਨੁਕਸਾਨ ਵੀ ਹੋਇਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਹਾਦਸੇ ਦਾ ਕਾਰਨਾਂ ਦੀ ਜਾਂਚ ਕਰ ਰਹੀ ਹੈ।