ਨਵੀਂ ਦਿੱਲੀ: ਏਆਈਐਮਆਈਐਮ ਮੁੱਖੀ ਅਸਦੁਦੀਨ ਓਵੈਸੀ ਨੇ ਸੱਤਾਧਾਰੀ ਪਾਰਟੀ ਬੀਜੇਪੀ ਤੇ ਆਰਐਸਐਸ ਨੂੰ ਨਿਸ਼ਾਨੇ ‘ਤੇ ਲਿਆ ਹੈ। ਆਰਐਸਐਸ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਓਵੈਸੀ ਨੇ ਕਿਹਾ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਤੇ ਉਹ ਇਸ ਨੂੰ ਅਜਿਹਾ ਬਣਨ ਵੀ ਨਹੀਂ ਦੇਣਗੇ।


ਓਵੈਸੀ ਮਹਾਰਾਸ਼ਟਰ ਦੇ ਕਲਿਆਣ ਸ਼ਹਿਰ ‘ਚ ਸੋਮਵਾਰ ਨੂੰ ਆਪਣੇ ਉਮੀਦਵਾਰ ਅਣਾਜ਼ ਮੌਲਵੀ ਦੀ ਚੋਣ ਰੈਲੀ ‘ਚ ਆਏ ਸੀ। ਇਸ ਰੈਲੀ ‘ਚ ਓਵੈਸੀ ਨੇ ਕਿਹਾ ਕਿ ਸਮਾਜ ਦਾ ਇੱਕ ਧੜਾ ਪੂਰੇ ਦੇਸ਼ ਨੂੰ ਇੱਕ ਹੀ ਰੰਗ ‘ਚ ਰੰਗਣਾ ਚਾਹੁੰਦਾ ਹੈ ਪਰ ਅਸੀਂ ਹਿੰਦੁਸਤਾਨ ਨੂੰ ਕਈ ਰੰਗਾਂ ‘ਚ ਵੇਖਦੇ ਹਾਂ, ਇਹੀ ਹਿੰਦੁਸਤਾਨ ਦੀ ਖੁਬਸੂਰਤੀ ਹੈ।”

ਓਵੈਸੀ ਨੇ ਸ਼ਿਵ ਸੈਨਾ ‘ਤੇ ਹਰੇ ਰੰਗ ਖਿਲਾਫ ਹੋਣ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਕਿਹਾ, “ਆਪਣਾ ਨਜ਼ਰੀਆ ਬਦਲੋ ਤੇ ਤੁਸੀਂ ਵੇਖੋਗੇ ਕਿ ਹਰਾ ਰੰਗ ਕੌਮੀ ਝੰਡੇ ‘ਚ ਵੀ ਹੈ।” ਓਵੈਸੀ ਨੇ ਅੱਗੇ ਕਿਹਾ, “ਭਾਰਤ ਧਰਮ ਨਿਰਪੱਖ ਤੇ ਬਹੁਲਵਾਦ ਕਰਕੇ ਵੱਖਰਾ ਦੇਸ਼ ਹੈ। ਦੁਨੀਆ ‘ਚ ਭਾਰਤ ਜਿਹਾ ਕੋਈ ਹੋਰ ਦੇਸ਼ ਨਹੀਂ ਤੇ ਸਾਨੂੰ ਇਸ ‘ਤੇ ਮਾਣ ਹੈ।”

ਉਨ੍ਹਾਂ ਨੇ ਆਰਐਸਐਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਮੈਂ ਆਰਐਸਐਸ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਦੀ ਕਿਰਪਾ ਨਾਲ ਇੱਥੇ ਨਹੀਂ ਰਹਿ ਰਹੇ। ਜੇਕਰ ਤੁਸੀਂ ਮੇਰੀ ਖੁਸ਼ੀ ਤੇ ਦੇਸ਼ ਦਾ ਆਂਕਲਨ ਕਰਨਾ ਹੈ ਤਾਂ ਤੁਹਾਨੂੰ ਤੇ ਸਾਨੂੰ ਦੇਖ ਲੈਣਾ ਚਾਹੀਦਾ ਹੈ ਕਿ ਸੰਵਿਧਾਨ ਨੇ ਸਾਨੂੰ ਕੀ ਦਿੱਤਾ ਹੈ।”

ਦੱਸ ਦਈਏ ਕਿ ਮਹਾਰਾਸ਼ਟਰ ‘ਚ ਸਾਰੀਆਂ 288 ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਚੋਣਾਂ ਹਨ ਤੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।