ਨਵੀਂ ਦਿੱਲੀ: ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਧਮਾਕਿਆਂ ਦੀ ਸਾਜ਼ਿਸ਼ ਘੜ ਰਿਹਾ ਹੈ। ਖੁਫੀਆ ਵਿਭਾਗਾਂ ਦੇ ਹਵਾਲੇ ਤੋਂ ਬੁੱਧਵਾਰ ਨੂੰ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਭਾਰਤ ਵਿੱਚ ਹਮਲਿਆਂ ਲਈ ਲਸ਼ਕਰ ਵਾਰਾਣਸੀ ਵਿੱਚ ਆਪਣਾ ਬੇਸ ਕੈਂਪ ਬਣਾਉਣ ਦੀ ਫਿਰਾਕ ਵਿੱਚ ਹੈ।


ਇੰਟੈਲੀਜੈਂਸ ਦੇ ਸੂਤਰਾਂ ਮੁਤਾਬਕ ਪਾਕਿਸਤਾਨੀ ਅੱਤਵਾਦੀ ਉਮਰ ਮਦਨੀ ਤੇ ਇੱਕ ਨੇਪਾਲੀ ਮੂਲ ਦਾ ਅੱਤਵਾਦੀ 7 ਮਈ ਤੋਂ 11 ਮਈ ਦੇ ਵਿਚਕਾਰ ਵਾਰਾਣਸੀ ਦੇ ਗੈਸਟ ਹਾਊਸ ਵਿੱਚ ਰੁਕੇ ਸਨ। ਦੋਵੇਂ ਇਸ ਖੇਤਰਾਂ ਵਿੱਚ ਅੱਤਵਾਦੀ ਗਤੀਵਿਧੀਆਂ ਅੰਜਾਮ ਦੇਣ ਲਈ ਲਸ਼ਕਰ ਦੇ ਨੈਟਵਰਕ ਵਿੱਚ ਵਾਧਾ ਵਾਧਾ ਕਰਨ ਦਾ ਕੰਮ ਕਰ ਰਹੇ ਹਨ।


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਮਰ ਮਦਨੀ ਲਸ਼ਕਰ ਵਿੱਚ ਨਵੇਂ ਅੱਤਵਾਦੀਆਂ ਨੂੰ ਭਰਤੀ ਕਰਨ ਦਾ ਜ਼ਿੰਮਾ ਸੰਭਾਲ ਰਿਹਾ ਹੈ। ਉਸ ਦਾ ਕੰਮ ਨੌਜਵਾਨਾਂ ਦਾ ਬ੍ਰੇਨਵਾਸ਼ ਕਰਕੇ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਕਰਨਾ ਹੈ। ਵਾਰਾਣਸੀ ਵਿੱਚ ਉਸ ਨੇ ਕੁਝ ਨੌਜਵਾਨਾਂ ਨੂੰ ਜੋੜਨ ਦੀ ਕੋਸ਼ਿਸ਼ ਵੀ ਕੀਤੀ ਸੀ।


ਦੱਸ ਦੇਈਏ ਵਾਰਾਣਸੀ ਪੀਐਮ ਨਰੇਂਦਰ ਮੋਦੀ ਦਾ ਸੰਸਦੀ ਖੇਤਰ ਹੈ, ਇਸ ਲਈ ਇਹ ਕਾਫ਼ੀ ਸੰਵੇਦਨਸ਼ੀਲ ਹੈ। ਸੁਰੱਖਿਆ ਏਜੰਸੀਆਂ ਲਗਾਤਾਰ ਇੱਥੇ ਨਜ਼ਰ ਰੱਖ ਰਹੀਆਂ ਹਨ। ਇਸ ਵਰ੍ਹੇ ਜੂਨ ਵਿੱਚ ਵੀ ਖੁਫੀਆ ਏਜੰਸੀਆਂ ਨੇ ਕੇਂਦਰ ਸਰਕਾਰ ਨੂੰ ਅੱਤਵਾਦੀ ਸੰਗਠਨਾਂ ਦੁਆਰਾ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੇ ਫੈਜਾਬਾਦ ਵਿੱਚ ਖਤਰੇ ਨੂੰ ਲੈ ਕੇ ਚੌਕੰਨੇ ਕੀਤਾ ਸੀ।