ਭਾਰਤ-ਪਾਕਿ 'ਕੁਸ਼ਤੀ' ਦਾ ਕਰਤਾਰਪੁਰ ਲਾਂਘੇ 'ਚ ਨਹੀਂ ਕੋਈ ਅੜਿੱਕਾ
ਏਬੀਪੀ ਸਾਂਝਾ | 06 Mar 2019 02:37 PM (IST)
ਇਸਲਾਮਾਬਾਦ: ਤਣਾਅ ਦੇ ਬਾਵਜੂਦ ਪਾਕਿਸਤਾਨ ਨੇ ਭਾਰਤ ਨੂੰ ਦੱਸਿਆ ਹੈ ਕਿ ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ ਦੀ ਰੂਪ-ਰੇਖਾ ਤਿਆਰ ਕਰਨ ਲਈ ਪਾਕਿਸਤਾਨੀ ਵਫ਼ਦ 14 ਮਾਰਚ ਨੂੰ ਨਵੀਂ ਦਿੱਲੀ ਆਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਬੁਲਾ ਕੇ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। ਜਾਰੀ ਬਿਆਨ ਅਨੁਸਾਰ ਭਾਰਤੀ ਵਫ਼ਦ 28 ਮਾਰਚ ਨੂੰ ਇਸਲਾਮਾਬਾਦ ਜਾਵੇਗਾ। ਬੀਤੇ ਸਾਲ ਨਵੰਬਰ ਵਿੱਚ ਭਾਰਤ ਤੇ ਪਾਕਿਸਤਾਨ ਨੇ ਆਪੋ ਆਪਣੇ ਦੇਸ਼ਾਂ ਵਿੱਚ ਕਰਤਾਰਪੁਰ ਸਾਹਿਬ ਗਲਿਆਰੇ ਲਈ ਨੀਂਹ ਪੱਥਰ ਰੱਖੇ ਸਨ ਪਰ ਉਦੋਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕਾਫੀ ਉਤਾਰ-ਚੜ੍ਹਾਅ ਆਏ। ਬੀਤੀ 14 ਫਰਵਰੀ ਨੂੰ ਪੁਲਵਾਮਾ ਹਮਲੇ ਮਗਰੋਂ ਦੋਵਾਂ ਗੁਆਂਢੀਆਂ ਦੇ ਰਿਸ਼ਤੇ ਬੇਹੱਦ ਤਲਖ਼ ਹੋ ਗਏ ਸਨ। ਪਰ ਹੁਣ ਕਰਤਾਰਪੁਰ ਸਾਹਿਬ ਗਲਿਆਰੇ ਲਈ ਦੋਵੇਂ ਦੇਸ਼ ਮਿਲ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹਨ।