ਚੰਡੀਗੜ੍ਹ: ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਲੰਘ ਦਹਿਸ਼ਤੀ ਟਿਕਾਣੇ ਤਬਾਹ ਕਰਨ ਮਗਰੋਂ ਅੱਜ ਪਾਕਿਸਤਾਨੀ ਲੜਾਕੂ ਜਹਾਜ਼ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਹੋਏ ਹਨ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਾਕਿਸਤਾਨੀ ਜਹਾਜ਼ਾਂ ਨੇ ਬੰਬ ਵੀ ਸੁੱਟੇ।


ਏਜੰਸੀ ਮੁਤਾਬਕ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਜੰਮੂ-ਕਸ਼ਮੀਰ ਦੇ ਪੁੰਛ ਤੇ ਰਾਜੌਰੀ ਜ਼ਿਲ੍ਹੇ ਰਾਹੀਂ ਭਾਰਤੀ ਹੱਦ ਵਿੱਚ ਦਾਖ਼ਲ ਹੋਏ ਬੰਬ ਵੀ ਸੁੱਟੇ। ਪਾਕਿਸਤਾਨ ਦੀ ਇਸ ਕਾਰਵਾਈ ਮਗਰੋਂ ਪੰਜਾਬ ਸਮੇਤ ਹੋਰ ਹਵਾਈ ਅੱਡਿਆਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।


ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ 12 ਭਾਰਤੀ ਮਿਰਾਜ-2000 ਲੜਾਕੂ ਜਹਾਜ਼ਾਂ ਨੇ ਪਾਕਿਸਤਾਨੀ ਸਰਹੱਦ ਅੰਦਰ 88 ਕਿਲੋਮੀਟਰ ਤਕ ਦਾਖ਼ਲ ਹੋ ਕੇ ਖ਼ੈਬਰ-ਪਖ਼ਤੂਨਖ਼ਵਾ ਦੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਤਬਾਹ ਕਰ ਦਿੱਤੇ ਸਨ। ਭਾਰਤ ਨੇ ਇਹ ਹਮਲਾ ਬੀਤੀ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ 'ਚ ਫਿਦਾਇਨ ਹਮਲੇ ਵਿੱਚ 40 ਸੀਆਰਪੀਐਫ ਜਵਾਨਾਂ ਦੀ ਜਾਨ ਜਾਣ ਮਗਰੋਂ ਕੀਤਾ ਸੀ। ਬੀਤੇ ਕੱਲ੍ਹ ਕੀਤੇ ਇਸ ਹਵਾਈ ਹਮਲੇ ਦੌਰਾਨ 300 ਤੋਂ ਵੱਧ ਦਹਿਸ਼ਤਗਰਦ ਮਾਰ ਮੁਕਾਏ ਗਏ।