Parliament Winter Session : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਯਾਨੀ ਅੱਜ (7 ਦਸੰਬਰ) ਨੂੰ ਮੀਡੀਆ ਦੇ ਰੂਬਰੂ ਹੋ ਸਕਦੇ ਹਨ। ਸੰਸਦ ਦਾ ਸਰਦ ਰੁੱਤ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਕੇ 29 ਦਸੰਬਰ ਤੱਕ ਚੱਲੇਗਾ। ਇਸ ਤੋਂ ਪਹਿਲਾਂ 6 ਦਸੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਸੰਸਦ ਕੰਪਲੈਕਸ 'ਚ ਸਰਬ ਪਾਰਟੀ ਮੀਟਿੰਗ ਹੋਈ ਸੀ, ਜਿਸ 'ਚ ਸਾਰੇ ਸਿਆਸਤਦਾਨਾਂ ਨੇ ਹਿੱਸਾ ਲਿਆ ਸੀ।


ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸਰਕਾਰ ਦਰਜਨ ਤੋਂ ਵੱਧ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ। ਸਰਕਾਰ ਨੂੰ ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ ਦੀਆਂ ਸਮੱਸਿਆਵਾਂ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਅਸਾਮ-ਮੇਘਾਲਿਆ ਸਰਹੱਦੀ ਵਿਵਾਦ ਵਰਗੇ ਮੁੱਦਿਆਂ 'ਤੇ ਘੇਰਿਆ ਜਾਵੇਗਾ।


ਸਰਦ ਰੁੱਤ ਸੈਸ਼ਨ ਵਿੱਚ 17 ਕੰਮਕਾਜੀ ਦਿਨ

ਸਰਦ ਰੁੱਤ ਸੈਸ਼ਨ 29 ਦਸੰਬਰ 2022 ਤੱਕ ਚੱਲੇਗਾ ਅਤੇ ਇਸ ਵਿੱਚ ਕੁੱਲ 17 ਕੰਮਕਾਜੀ ਦਿਨ ਹੋਣਗੇ। ਪਹਿਲੇ ਦਿਨ ਲੋਕ ਸਭਾ ਅੰਤਰ-ਸੈਸ਼ਨ ਕਾਲ ਦੌਰਾਨ ਮਰਨ ਵਾਲੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੂੰ ਵੀ ਯਾਦ ਕੀਤਾ ਜਾਵੇਗਾ ,ਜਿਨ੍ਹਾਂ ਦਾ ਅਕਤੂਬਰ ਵਿੱਚ ਦਿਹਾਂਤ ਹੋ ਗਿਆ ਸੀ।


ਕੇਂਦਰ ਦੇ ਏਜੰਡੇ ਵਿੱਚ 16 ਨਵੇਂ ਬਿੱਲ ਸ਼ਾਮਲ


ਇਹ ਪਹਿਲਾ ਸੈਸ਼ਨ ਹੋਵੇਗਾ ਜਦੋਂ ਉਪ ਪ੍ਰਧਾਨ ਜਗਦੀਪ ਧਨਖੜ ਰਾਜ ਸਭਾ ਦੇ ਚੇਅਰਮੈਨ ਵਜੋਂ ਪ੍ਰਧਾਨਗੀ ਕਰਨਗੇ। ਇਸ ਤੋਂ ਪਹਿਲਾਂ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ 8 ਅਗਸਤ ਤੱਕ ਚੱਲਿਆ ਸੀ। 7 ਦਸੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਲਈ ਕੇਂਦਰ ਸਰਕਾਰ ਦੇ ਏਜੰਡੇ ਵਿੱਚ 16 ਨਵੇਂ ਬਿੱਲ ਸ਼ਾਮਲ ਹਨ।

ਪਿਛਲੇ ਦਿਨੀਂ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਕਾਂਗਰਸ ਨੇ ਆਰਥਿਕ ਆਧਾਰ ’ਤੇ ਰਾਖਵੇਂਕਰਨ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਦਾ ਮੁੱਦਾ ਉਠਾਇਆ ਅਤੇ ਇਸ ਮੁੱਦੇ ’ਤੇ ਸੰਸਦ ਵਿੱਚ ਚਰਚਾ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ, ਮਹਿੰਗਾਈ ਅਤੇ ਬੇਰੁਜ਼ਗਾਰੀ 'ਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਹੈ। ਅੱਜ ਤੋਂ ਸ਼ੁਰੂ ਹੋ ਰਹੇ ਸੈਸ਼ਨ ਵਿੱਚ ਵਿਰੋਧੀ ਧਿਰ ਕਈ ਮੁੱਦੇ ਉਠਾ ਸਕਦੀ ਹੈ।