Viral Video: ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ (ਸੋਮਵਾਰ, 1 ਦਸੰਬਰ) ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਇੱਕ ਅਨੋਖੇ ਵਿਵਾਦ ਵਿੱਚ ਘਿਰ ਗਈ ਹੈ। ਉਹ ਆਪਣੇ ਪਾਲਤੂ ਕੁੱਤੇ ਨੂੰ ਲੈਕੇ ਸੰਸਦ ਪਹੁੰਚੀ, ਜਿਸ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੀ ਇੱਕ ਵੀਡੀਓ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ, ਭਾਜਪਾ ਨੇ ਇਸਨੂੰ ਸੰਸਦ ਦੀ ਗਰਿਮਾ ਦਾ ਅਪਮਾਨ ਕਰਦਿਆਂ ਹੋਇਆਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਦੋਂ ਮੀਡੀਆ ਨੇ ਰੇਣੂਕਾ ਚੌਧਰੀ ਤੋਂ ਇਸ ਘਟਨਾ ਬਾਰੇ ਸਵਾਲ ਕੀਤਾ, ਤਾਂ ਉਨ੍ਹਾਂ ਨੇ ਪਲਟਵਾਰ ਕਰਦਿਆਂ ਹੋਇਆਂ ਕਿਹਾ ਕਿ ਮਾਮਲੇ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, "ਇਸ ਵਿੱਚ ਤਕਲੀਫ ਕਿਹੜੀ ਗੱਲ ਦੀ ਹੈ? ਜੇਕਰ ਇੱਕ ਗੂੰਗਾ ਜਾਨਵਰ ਅੰਦਰ ਆ ਵੀ ਗਿਆ ਤਾਂ ਇਸ ਵਿੱਚ ਕਿਹੜੀ ਵੱਡੀ ਗੱਲ ਹੈ? ਕੱਟਣ ਵਾਲੇ ਤਾਂ ਹੋਰ ਲੋਕ ਹਨ, ਪਾਰਲੀਮੈਂਟ ਦੇ ਅੰਦਰ। ਉਨ੍ਹਾਂ ਦਾ ਆਹ ਬਿਆਨ ਆਉਂਦਿਆਂ ਹੀ ਵਿਵਾਦ ਹੋਰ ਵੱਧ ਗਿਆ।
ਰੇਣੂਕਾ ਚੌਧਰੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਰੋਧੀ ਧਿਰ ਬਾਰੇ ਟਿੱਪਣੀਆਂ ਦਾ ਜਵਾਬ ਦਿੱਤਾ। ਉਨ੍ਹਾਂ ਪੁੱਛਿਆ ਕਿ ਜੇਕਰ ਸਰਕਾਰ ਸੈਸ਼ਨ ਬਾਰੇ ਇੰਨੀ ਚਿੰਤਤ ਸੀ, ਤਾਂ ਇੱਕ ਮਹੀਨੇ ਦੇ ਸੈਸ਼ਨ ਨੂੰ ਸਿਰਫ਼ ਪੰਦਰਾਂ ਦਿਨਾਂ ਦਾ ਹੀ ਕਿਉਂ ਕਰ ਦਿੱਤਾ ਗਿਆ? ਉਨ੍ਹਾਂ ਕਿਹਾ, "ਤੁਸੀਂ ਇਸ ਗੱਲ ਦੀ ਚਿੰਤਾ ਕਿਉਂ ਕਰ ਰਹੇ ਹੋ ਕਿ ਅਸੀਂ ਸਦਨ ਵਿੱਚ ਕਿਹੜੇ ਮੁੱਦੇ ਚੁੱਕੀਏ? ਕੀ ਘੱਟ ਮੁੱਦੇ ਸਨ? ਫਿਰ ਸੈਸ਼ਨ ਨੂੰ ਛੋਟਾ ਕਿਉਂ ਕੀਤਾ ਗਿਆ?"
ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਰੇਣੂਕਾ ਚੌਧਰੀ 'ਤੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸੰਸਦ ਰਾਸ਼ਟਰੀ ਨੀਤੀਆਂ 'ਤੇ ਗੰਭੀਰ ਚਰਚਾ ਲਈ ਇੱਕ ਮੰਚ ਹੈ, ਅਤੇ ਅਜਿਹੀਆਂ ਕਾਰਵਾਈਆਂ "ਨਿਰਾਸ਼ਾਜਨਕ" ਹਨ ਅਤੇ ਸੰਸਦ ਦੀ ਸ਼ਾਨ ਦੇ ਵਿਰੁੱਧ ਹਨ। ਉਨ੍ਹਾਂ ਕਿਹਾ, "ਆਪਣੇ ਕੁੱਤੇ ਨਾਲ ਸੰਸਦ ਵਿੱਚ ਆਉਣਾ ਅਤੇ ਫਿਰ ਅਜਿਹੀਆਂ ਟਿੱਪਣੀਆਂ ਕਰਨਾ ਦੇਸ਼ ਲਈ ਸ਼ਰਮ ਦੀ ਗੱਲ ਹੈ। ਉਸ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।" ਉਨ੍ਹਾਂ ਇਸਨੂੰ ਲੋਕਤੰਤਰ ਦਾ ਅਪਮਾਨ ਦੱਸਿਆ ਅਤੇ ਸਖ਼ਤ ਰੁਖ਼ ਅਪਣਾਉਣ ਦੀ ਮੰਗ ਕੀਤੀ।