Uttarakhand News : ਉਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਬਰਾਤੀਆਂ ਨਾਲ ਭਰੀ ਬੱਸ 500 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਵਿੱਚ 45 ਲੋਕ ਸਵਾਰ ਦੱਸੇ ਜਾਂਦੇ ਹਨ। ਇਸ ਬੱਸ ਹਾਦਸੇ 'ਚ 10 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਜਦਕਿ 35 ਯਾਤਰੀਆਂ ਦੀ ਭਾਲ ਜਾਰੀ ਹੈ। ਮੌਕੇ 'ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਰਾਜ ਆਫ਼ਤ ਰਾਹਤ ਬਲ (ਐਸਡੀਆਰਐਫ) ਦੀ ਇੱਕ ਟੀਮ ਰਾਹਤ ਕਾਰਜਾਂ ਲਈ ਰਵਾਨਾ ਕੀਤੀ ਗਈ ਹੈ।



ਆਪਦਾ ਕੰਟਰੋਲ ਰੂਮ ਪਹੁੰਚੇ ਸੀਐਮ ਧਾਮੀ 

ਹਾਦਸੇ 'ਚ ਜ਼ਖਮੀ ਹੋਏ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਬੱਸ ਕੋਟਦਵਾਰ ਤੋਂ ਕਾਂਡਾ ਜਾ ਰਹੀ ਸੀ। ਇਹ ਹਾਦਸਾ ਰਿੱਖਣੀਖੇਲ-ਬੀਰਾਖਲ ਰੋਡ 'ਤੇ ਪਿੰਡ ਸਿਮਦੀ ਨੇੜੇ ਵਾਪਰਿਆ। ਪਿੰਡ ਵਾਸੀ ਵੀ ਰਾਹਤ ਕਾਰਜਾਂ ਵਿੱਚ ਵੱਧ ਚੱੜ ਕੇ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਹੈ। ਸੀਐਮ ਪੁਸ਼ਕਰ ਸਿੰਘ ਧਾਮੀ ਇਸ ਸਮੇਂ ਸਕੱਤਰੇਤ ਦੇ ਆਪਦਾ ਕੰਟਰੋਲ ਰੂਮ ਵਿੱਚ ਹਨ। ਉਹ ਇਸ ਬੱਸ ਹਾਦਸੇ ਸਬੰਧੀ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਨੇ ਆਪਣਾ ਕੱਲ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।





ਸੀਐਮ ਧਾਮੀ ਨੇ ਜਤਾਇਆ ਦੁੱਖ 


ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ, 'ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਬੱਸ ਵਿੱਚ ਕਰੀਬ 45 ਲੋਕ ਸਵਾਰ ਸਨ। ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਮੈਂ ਉੱਥੋਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਮੈਂ ਖੁਦ ਸਾਰਿਆਂ ਨਾਲ ਗੱਲ ਕਰ ਰਿਹਾ ਹਾਂ ਕਿ ਜਲਦੀ ਤੋਂ ਜਲਦੀ ਬਚਾਅ ਕੰਮ ਸ਼ੁਰੂ ਕੀਤਾ ਜਾਵੇ। ਹਰ ਸੰਭਵ ਮਦਦ ਪ੍ਰਦਾਨ ਕਰਨ ਦੀ ਸਾਡੀ ਕੋਸ਼ਿਸ਼ ਹੈ।