ਰੌਬਟ ਦੀ ਰਿਪੋਰਟ



ਚੰਡੀਗੜ੍ਹ: ਕਿਸਾਨੀ ਅੰਦੋਲਨ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਲ 2020 ਦਾ ਆਖਰੀ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ਕੀਤਾ। ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨ ਵਾਲੇ ਇਸ ਪ੍ਰੋਗਰਾਮ ਦੀ ਲੜੀ ਦਾ ਇਹ ਇਸ ਸਾਲ ਦਾ ਆਖਰੀ ਪ੍ਰੋਗਰਾਮ ਸੀ ਪਰ ਕਿਸਾਨਾਂ ਨੇ ਇਸ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਕਿਸਾਨਾਂ ਨੂੰ ਪਹਿਲਾਂ ਹੀ ਅਪੀਲ ਕਰ ਦਿੱਤੀ ਸੀ। ਕਿਸਾਨਾਂ ਨੇ ਇਸ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਤਮਾਮ ਜ਼ਿਲ੍ਹਿਆਂ 'ਚ ਥਾਲੀਆਂ ਖ੍ਹੜਕਾ ਕੇ ਵਿਰੋਧ ਜ਼ਾਹਿਰ ਕੀਤਾ।

ਸੋਸ਼ਲ ਮੀਡੀਆ ਤੇ ਵੀ ਇਸ ਪ੍ਰੋਗਰਾਮ ਨੂੰ ਕਾਫੀ ਮਾੜਾ ਰਿਸਪੌਂਸ ਮਿਲਿਆ। ਇਸ ਪ੍ਰੋਗਰਾਮ ਨੂੰ 25,755 ਡਿਸ ਲਾਇਕ ਮਿਲੇ ਹਨ। ਅੱਜ ਸਵੇਰ ਤੱਕ ਇਸ ਪ੍ਰੋਗਰਾਮ ਨੂੰ 226,069 ਵੀਉਜ਼ ਹੀ ਮਿਲੇ ਸੀ। ਇਸ ਪ੍ਰੋਗਰਾਮ ਦੇ  ਹੇਠਾਂ 7,942 ਲੋਕਾਂ ਨੇ ਟਿੱਪਣੀ (Comment) ਕੀਤੀ ਹੈ ਜਿਸ ਵਿੱਚ ਜ਼ਿਆਦਾ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਹੀ ਕੀਤਾ ਹੈ।




ਪੰਜਾਬ ਵਿੱਚੋਂ ਆਈਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੇ ਧਰਨਿਆਂ ਵਾਲੀਆਂ ਥਾਵਾਂ 'ਤੇ ਵੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਥਾਲੀਆਂ ਵਜਾ ਕੇ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਵਿਰੋਧ ਕੀਤਾ। ਇਸ ਤੋਂ ਇਲਾਵਾ ਲੋਕਾਂ ਨੇ ਘਰਾਂ ਬਾਹਰ ਵੀ ਥਾਲੀਆਂ ਵਜਾਈਆਂ।

ਕਿਸਾਨਾਂ ਦਾ ਅੰਦੋਲਨ ਅੱਜ 33ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਕੜਾਕੇ ਦੇ ਹੱਡ ਠਾਰਵੀਂ ਠੰਢ 'ਚ ਵੀ ਲੱਖਾਂ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।