ਚੰਡੀਗੜ੍ਹ: ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਇਲਜ਼ਾਮ ਹੇਠ ਮੋਗਾ ਜ਼ਿਲ੍ਹੇ ਦੇ ਪਿੰਡ ਢਾਲ਼ੇਕੇ ਦੇ ਰਵੀ ਕੁਮਾਰ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਰਵੀ ਕੁਮਾਰ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਮੁਲਜ਼ਮ ਫੇਸਬੁੱਕ ਰਾਹੀਂ ਦੇਸ਼ ਦੀ ਜਾਣਕਾਰੀ ਸਾਂਝੀ ਕਰਦਾ ਸੀ। ਉਸ ਨੂੰ ਅੰਮ੍ਰਿਤਸਰ ਦੇ ਚਾਟੀਵਿੰਡ ਪੁਲਿਸ ਸਟੇਸ਼ਨ ਅਧੀਨ ਪੈਂਦੇ ਇਲਾਕੇ ਵਿੱਚੋਂ ਫ਼ੌਜ ਦੇ ਖ਼ੁਫ਼ੀਆ ਜਾਣਕਾਰੀ 'ਤੇ ਇੰਸਪੈਕਟਰ ਗੁਰਿੰਦਰਪਾਲ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਰਵੀ ਕੁਮਾਰ ਵਿਰੁੱਧ ਆਈਪੀਸੀ ਦੀ ਧਾਰਾ 120-ਬੀ ਤੇ ਆਫ਼ੀਸ਼ੀਅਲ ਸੀਕ੍ਰੇਟ ਐਕਟ ਦੇ ਸੈਕਸ਼ਨ 3,4,5 ਤੇ 9 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਰਵੀ ਨੇ ਫ਼ੌਜ ਦੇ ਵਾਹਨਾਂ ਦੀ ਉਨ੍ਹਾਂ ਦੇ ਮਾਅਰਕਿਆਂ ਦੇ ਨਿਸ਼ਾਨਾਂ ਸਮੇਤ ਤਸਵੀਰਾਂ ਖਿੱਚ ਕੇ ਪਾਕਿਸਤਾਨ ਭੇਜੀਆਂ ਸਨ। ਉਹ ਫ਼ੌਜੀ ਗਤੀਵਿਧੀਆਂ, ਨਵੇਂ ਉਸਾਰੇ ਬੰਕਰਾਂ ਤੇ ਭਾਰਤ ਵਾਲੇ ਪਾਸਿਉਂ ਕੌਮਾਂਤਰੀ ਸਰਹੱਦ ਦੀਆਂ ਤਸਵੀਰਾਂ ਭੇਜਦਾ ਸੀ। ਉਸ ਦੇ ਆਕਾਵਾਂ ਨੇ 20 ਤੋਂ 24 ਫਰਵਰੀ ਤਕ ਉਸ ਨੂੰ ਦੁਬਈ ਦਾ ਦੌਰਾ ਵੀ ਆਪਣੇ ਖ਼ਰਚੇ 'ਤੇ ਕਰਵਾਇਆ ਸੀ। ਇੱਥੇ ਉਸ ਨੂੰ ਇਸ ਕੰਮ ਨੂੰ ਅੰਜਾਮ ਦੇਣ ਬਾਰੇ ਸਿਖਲਾਈ ਵੀ ਦਿੱਤੀ ਗਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਤਾਨ ਆਧਾਰਤ ਏਜੰਸੀਆਂ ਬਹੁਤ ਸਾਰੀਆਂ ਮੁਟਿਆਰਾਂ ਦੇ ਨਾਂ 'ਤੇ ਜਾਅਲੀ ਫੇਸਬੁੱਕ ਖਾਤਿਆਂ ਰਾਹੀਂ ਬੇਰੁਜ਼ਗਾਰ ਨੌਜਵਾਨਾਂ ਤੇ ਹਥਿਆਰਬੰਦ ਸੁਰੱਖਿਆ ਬਲਾਂ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਆਪਣੇ ਚੁੰਗਲ ਵਿੱਚ ਫਸਾਉਂਦੇ ਹਨ। ਫਿਰ ਉਨ੍ਹਾਂ ਤੋਂ ਨਾਪਾਕ ਮਨਸੂਬੇ ਪੂਰੇ ਕਰਵਾਉਂਦੇ ਹਨ। ਸੁਰੱਖਿਆ ਏਜੰਸੀਆਂ ਇਨ੍ਹਾਂ ਜਾਅਲੀ ਖਾਤਿਆਂ ਦੀ ਜਾਂਚ ਵੀ ਕਰ ਰਹੀਆਂ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਵੀ ਕੁਮਾਰ ਮੋਬਾਈਲ ਫ਼ੋਨ ਤੇ ਇੰਟਰਨੈੱਟ ਰਾਹੀਂ ਪਾਕਿਸਤਾਨੀ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਸੀ। ਉਸ ਨੂੰ ਫੰਡ ਵੀ ਬਾਰਸਤਾ ਦੁਬਈ ਮਨੀ ਟ੍ਰਾਂਸਫਰ ਰਾਹੀਂ ਮਹੱਈਆ ਕਰਵਾਏ ਜਾਂਦੇ ਸਨ।