Ram Rahim Honeypreet - ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਧੀ ਹਨੀਪ੍ਰੀਤ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਆ ਗਈ ਹੈ। ਇਸ ਵਾਰ ਹਨੀਪ੍ਰੀਤ ਨਾਲ ਵਿਵਾਦ ਡੇਰੇ 'ਚ ਬਣਾਈ ਜਾ ਰਹੀ ਹਨੀਪ੍ਰੀਤ ਦੀ ਰਿਹਾਇਸ਼ ਨੂੰ ਲੈ ਕੇ ਖੜਾ ਹੋਇਆ ਹੈ। ਦਰਅਸਲ  ਰਹੀਮ ਸਿੰਘ ਦੀ ਰਿਹਾਇਸ਼ ਨੂੰ ਢਾਹ ਕੇ ਡੇਰੇ ਵਿੱਚ ਕਲਸ਼ ਆਕਾਰ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਇਹ ਇਮਾਰਤ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਦੀ ਰਿਹਾਇਸ਼ ਹੋਵੇਗੀ। 


ਰਾਮ ਰਹੀਮ ਦੀ ਤੇਰਾ ਵਾਸ ਇਮਰਾਤ ਨੂੰ ਢਾਹ ਕੇ ਇਸ ਨੂੰ ਕਲਸ਼ ਦਾ ਆਕਾਰ ਦੇਣ 'ਤੇ ਇਹ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਹਾਈ ਕੋਰਟ 'ਚ ਇਸ ਖਿਲਾਫ਼ ਚੁਣੌਤੀ ਦਿੱਤੀ ਗਈ ਹੈ।ਪਟੀਸ਼ਨ ਅਨੁਸਾਰ ਕਲਸ਼ ਆਕਾਰ ਦੀ ਇਮਾਰਤ ਬਣਾਉਣਾ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਹਿੰਦੂ ਪੌਰਾਣਿਕ ਕਥਾਵਾਂ ਅਨੁਸਾਰ ਪਵਿੱਤਰ ਕਲਸ਼ ਨੂੰ ਸਾਰੇ ਦੇਵੀ-ਦੇਵਤਿਆਂ ਦਾ ਰੂਹਾਨੀ ਨਿਵਾਸ ਮੰਨਿਆ ਗਿਆ ਹੈ।,



ਪਟੀਸ਼ਨ ਵਿੱਚ ਕਿਹਾ ਗਿਆ ਹੈ ਕਲਸ਼ ਆਕਾਰ ਇੱਕ ਪਵਿੱਤਰਤਾ ਦਾ ਪ੍ਰਤੀਕ ਹੈ ਪਰ ਰਾਹ ਰਹੀਮ 'ਤੇ ਰੇਪ ਅਤੇ ਕਤਲ ਦੇ ਦੋਸ਼ ਹਨ। ਅਜਿਹੇ ਵਿੱਚ ਡੇਰਾ ਸਿਰਸਾ ਵਿੱਚ ਇਮਰਾਤ ਨੁੰ ਕਲਸ਼ ਆਕਾਰ ਦੇਣਾ ਠੀਕ ਨਹੀਂ ਹੈ। 


 ਦਾਖ਼ਲ ਪਟੀਸ਼ਨ 'ਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਨੂੰ ਸਬੂਤ ਨਸ਼ਟ ਕਰਨਾ ਕਰਾਰ ਦਿੱਤਾ ਗਿਆ ਹੈ ਕਿਉਂਕਿ ਤਤਕਾਲੀ ਇਮਾਰਤ ਅਗਸਤ 2017 ਦੀ ਪੰਚਕੂਲਾ ਹਿੰਸਾ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਦਰਜ ਐੱਫਆਈਆਰ ਦਾ ਹਿੰਸਾ ਹੈ।ਇਹ ਹਿੰਸਾ ਸੀਬੀਆਈ ਅਦਾਲਤ ਵੱਲੋਂ ਜਬਰ ਜਨਾਹ ਦੇ ਮਾਮਲਿਆਂ 'ਚ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੋਈ ਸੀ। 




ਦੋਸ਼ਾਂ ਅਨੁਸਾਰ ਨਵੀਂ ਇਮਾਰਤ ਦੀ ਉਸਾਰੀ ਡੇਰਾ ਸੱਚਾ ਸੌਦਾ ਦੇ ਟਰੱਸਟ ਬੋਰਡ ਦੀ ਚੇਅਰਪਰਸਨ ਹਨੀਪ੍ਰੀਤ ਉਰਫ਼ ਪਿਅੰਕਾ ਤਨੇਜਾ ਨੇ ਆਪਣੀ ਰਿਹਾਇਸ਼ ਲਈ ਕੀਤੀ ਹੈ। ਦੱਖਣ-ਪੱਛਮ ਦਿੱਲੀ ਦੇ ਮਹਾਵੀਰ ਇਨਕਲੇਵ ਵਾਸੀ 50 ਸਾਲਾ ਸੰਜੈ ਝਾਅ ਵੱਲੋਂ ਦਾਖ਼ਲ ਪਟੀਸ਼ਨ 'ਚ ਕਲਸ਼ ਆਕਾਰ ਦੀ ਨਾਜਾਇਜ਼ ਅਤੇ ਵਿਵਾਦਮਈ ਉਸਾਰੀ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। 


ਪਟੀਸ਼ਨ ਅਨੁਸਾਰ ਸੈਕਟਰ-5 ਪੁਲਿਸ ਸਟੇਸ਼ਨ ਪੰਚਕੂਲਾ 'ਚ ਦਰਜ ਐੱਫਆਈਆਰ 345 ਮਿਤੀ 17 ਅਗਸਤ 2017 ਅਨੁਸਾਰ ਇਕ ਕਥਿਤ ਗੁਪਤ ਬੈਠਕ ਕਰ ਕੇ ਟਰੱਸਟੀ ਬੋਰਡ, ਪ੍ਰਬੰਧਨ ਬੋਰਡ ਅਤੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਅਪਰਾਧਿਕ ਸਾਜ਼ਿਸ਼ ਰਚ ਗਈ ਸੀ। ਇਸ ਦੀ ਅਗਵਾਈ ਹਨੀਪ੍ਰੀਤ ਨੇ ਕੀਤੀ ਸੀ। 


ਇਹ ਬੈਠਕ ਡੇਰਾ ਹੈੱਡਕੁਆਰਟਰ ਦੇ ਅੰਦਰ ਡੇਰਾ ਮੁਖੀ ਦੀ ਰਿਹਾਇਸ਼ ਯਾਨੀ ‘ਤੇਰਾ ਵਾਸ' 'ਚ ਹੋਈ ਸੀ ਤੇ ਉਸ ਸਮੇਂ ਹਨਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਵੀ ਉੱਥੇ ਹੀ ਰਹਿ ਰਹੀ ਸੀ। ਐੱਫਆਈਆਰ ਤਹਿਤ ਕਾਰਵਾਈ ਹਾਲੇ ਵੀ ਵਿਚਾਰ ਅਧੀਨ ਹੈ ਤੇ ਹਾਲੇ ਤੱਕ ਖ਼ਤਮ ਨਹੀਂ ਹੋਈ। ਇਸ ਤਰ੍ਹਾਂ ਉਕਤ ਇਮਾਰਤ ਨੂੰ ਢਾਹੁਣਾ ਅਪਰਾਧ ਵਾਲੀ ਥਾਂ ਅਤੇ ਅਪਰਾਧਿਕ ਸਾਜ਼ਿਸ਼ ਦੇ ਮਹੱਤਵਪੂਰਨ ਸਬੂਤਾਂ ਨੂੰ ਖ਼ਤਮ ਕਰਨਾ ਹੈ।