ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਦਰਾਸ ਦੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਦੇ 56ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ 30 ਸਤੰਬਰ ਨੂੰ ਚੇਨਈ ਪਹੁੰਚੇ ਪਰ ਇਸ ਦੌਰਾਨ ਟਵਿੱਟਰ 'ਤੇ #GoBackModi ਹੈਸ਼ਟੈਗ ਟ੍ਰੈਂਡ ਹੋਇਆ। ਇਸ 'ਤੇ 21,000 ਤੋਂ ਵੱਧ ਟਵੀਟ ਕੀਤੇ ਗਏ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਕਾਂ ਨੇ #TNWelcomesModi ਟਰੈਂਡ ਕਰਾਇਆ।
ਇਸ ਦੌਰਾਨ ਮੋਦੀ ਨੇ ਆਈਆਈਟੀ-ਐਮ ਰਿਸਰਚ ਪਾਰਕ ਵਿਖੇ ਸਿੰਗਾਪੁਰ ਇੰਡੀਆ ਹੈਕਾਥਨ 2019 ਨੂੰ ਸੰਬੋਧਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਚ ਸੰਬੋਧਨ ਕਰਦਿਆਂ ਕਿਹਾ, 'ਮੇਰੇ ਨੌਜਵਾਨ ਮਿੱਤਰਾਂ ਨੇ ਅੱਜ ਬਹੁਤ ਸਾਰੇ ਹੱਲ ਲੱਭੇ ਹਨ, ਜੋ ਮੈਨੂੰ ਸਭ ਤੋਂ ਵੱਧ ਪਸੰਦ ਆਇਆ, ਖ਼ਾਸਕਰ ਮੈਨੂੰ ਕੈਮਰੇ ਦੀ ਕਾਢ ਕਾਫੀ ਚੰਗੀ, ਜਿਸ ਤੋਂ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਕੌਣ ਕਿੰਨੇ ਧਿਆਨ ਨਾਲ ਸੁਣ ਰਿਹਾ ਹੈ। ਹੁਣ ਮੈਂ ਸਪੀਕਰ ਨਾਲ ਇਸ 'ਤੇ ਚਰਚਾ ਕਰੂੰਗਾ ਤੇ ਜੇ ਸੰਸਦ ਵਿੱਚ ਵੀ ਇਹ ਸ਼ੁਰੂ ਹੋ ਸਕੇ ਤਾਂ ਕਾਫੀ ਲਾਭ ਮਿਲੇਗਾ।'
ਤਾਮਿਲਨਾਡੂ ਦਾ ਦੌਰਾ ਹੀ ਸਿਰਫ ਅਜਿਹਾ ਮੌਕਾ ਨਹੀਂ ਹੈ ਜਦੋਂ #GoBackModi ਟਰੈਂਡ ਹੋਇਆ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਜਦੋਂ ਮੋਦੀ ਨੇ ਆਂਧਰਾ ਪ੍ਰਦੇਸ਼ ਦਾ ਦੌਰਾ ਕੀਤਾ ਸੀ ਤੇ ਸੂਬੇ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਤਕਾਲੀ ਸੱਤਾਧਾਰੀ ਟੀਡੀਪੀ ਦੇ ਸਮਰਥਕਾਂ ਨੇ ਵੀ ਹੈਸ਼ਟੈਗ ਦੀ ਵਰਤੋਂ ਕੀਤੀ ਸੀ।