ਆਪ੍ਰੇਸ਼ਨ ਸਿੰਦੂਰ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲਾ ਦਿਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ CCS ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਵੀ ਹਿੱਸਾ ਲਿਆ। ਮੰਤਰੀ ਮੰਡਲ ਨੇ ਵੀ ਭਾਰਤੀ ਫੌਜ ਦੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ।

ਭਾਰਤ ਨੇ ਆਪ੍ਰੇਸ਼ਨ ਸਿੰਦੂਰ ਰਾਹੀਂ ਪਹਿਲਗਾਮ ਸਮੇਤ ਕਈ ਅੱਤਵਾਦੀ ਹਮਲਿਆਂ ਦਾ ਬਦਲਾ ਲਿਆ ਹੈ। ਫੌਜ ਨੇ 6 ਅਤੇ 7 ਮਈ ਨੂੰ ਪਾਕਿਸਤਾਨ ਅਤੇ ਪੀਓਕੇ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਤਬਾਹ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਫੌਜ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਇਹ ਸਾਡੇ ਸਾਰਿਆਂ ਲਈ ਮਾਣ ਵਾਲਾ ਦਿਨ ਹੈ।"

ਹਵਾਈ ਹਮਲੇ ਵਿੱਚ ਅੱਤਵਾਦੀ ਮਸੂਦ ਅਜ਼ਹਰ ਦਾ ਪਰਿਵਾਰ ਤਬਾਹ

ਭਾਰਤੀ ਫੌਜ ਦੀ ਕਾਰਵਾਈ ਵਿੱਚ ਅੱਤਵਾਦੀ ਮਸੂਦ ਅਜ਼ਹਰ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਉਸਦੇ ਪਰਿਵਾਰ ਦੇ 14 ਮੈਂਬਰ ਮਾਰੇ ਗਏ ਹਨ ਤੇ ਕਈ ਜ਼ਖਮੀ ਹੋਏ ਹਨ। ਮਸੂਦ ਦੇ ਚਾਰ ਸਾਥੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਅਜ਼ਹਰ ਦਾ ਪਰਿਵਾਰ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸੀ। ਮਸੂਦ ਅਜ਼ਹਰ ਦੀ ਵੱਡੀ ਭੈਣ ਅਤੇ ਮੌਲਾਨਾ ਕਸ਼ਫ਼ ਦੇ ਪੂਰੇ ਪਰਿਵਾਰ ਦਾ ਸਫਾਇਆ ਹੋ ਗਿਆ ਹੈ। ਫੌਜ ਨੇ ਇਸ ਕਾਰਵਾਈ ਦਾ ਵੀਡੀਓ ਵੀ ਬਣਾਇਆ ਹੈ।