PM Modi in Gujarat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਅੱਜ 100ਵਾਂ ਜਨਮ ਦਿਨ ਹੈ। ਇਸ ਮੌਕੇ 'ਤੇ ਉਨ੍ਹਾਂ ਨੂੰ ਮਿਲਣ ਲਈ ਪੀਐਮ ਮੋਦੀ ਆਪਣੇ ਭਰਾ ਪੰਕਜ ਮੋਦੀ ਦੇ ਘਰ ਪਹੁੰਚੇ ਅਤੇ ਕਰੀਬ ਅੱਧੇ ਘੰਟੇ ਦੀ ਬੈਠਕ ਤੋਂ ਬਾਅਦ ਹੁਣ ਉਹ ਉਥੋਂ ਰਵਾਨਾ ਹੋ ਗਏ। ਜਾਣਕਾਰੀ ਮੁਤਾਬਕ ਇਸ ਮੌਕੇ ਵਡਨਗਰ ਦੇ ਹਟਕੇਸ਼ਵਰ ਮੰਦਰ 'ਚ ਪੂਜਾ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ 'ਚ ਪੀਐੱਮ ਮੋਦੀ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਪੀਐਮ ਮੋਦੀ ਪਾਵਾਗੜ੍ਹ ਸਥਿਤ ਮਾਂ ਕਾਲੀ ਦੇ ਮੰਦਰ 'ਚ ਵੀ ਝੰਡਾ ਲਹਿਰਾਉਣਗੇ। ਇਸ ਮੌਕੇ ਗਾਂਧੀਨਗਰ ਦੇ ਰਾਇਸਨ ਪੈਟਰੋਲ ਪੰਪ ਤੋਂ 60 ਮੀਟਰ ਸੜਕ ਦਾ ਨਾਂ 'ਪੂਜਿਆ ਹੀਰਾ ਮਾਰਗ' ਰੱਖਿਆ ਜਾਵੇਗਾ। ਗਾਂਧੀਨਗਰ ਨਗਰ ਨਿਗਮ ਪੂਜਿਆ ਹੀਰਾ ਮਾਰਗ ਦਾ ਨਾਮਕਰਨ ਕਰੇਗਾ। ਇਸ ਤੋਂ ਪਹਿਲਾਂ 11 ਮਾਰਚ ਨੂੰ ਪੀਐਮ ਮੋਦੀ ਨੇ ਅਹਿਮਦਾਬਾਦ ਵਿੱਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ, ਜਦੋਂ ਉਹ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਸੀ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ-19 ਮਹਾਮਾਰੀ ਕਾਰਨ ਦੋ ਸਾਲਾਂ ਦੇ ਵਕਫੇ ਬਾਅਦ ਆਪਣੀ ਮਾਂ ਨੂੰ ਮਿਲੇ। ਇਸ ਤੋਂ ਇਲਾਵਾ 18 ਜੂਨ ਨੂੰ ਆਪਣੀ ਵਡੋਦਰਾ ਫੇਰੀ ਦੌਰਾਨ ਪੀਐਮ ਮੋਦੀ ਲਗਪਗ 4 ਲੱਖ ਲੋਕਾਂ ਨੂੰ ਸੰਬੋਧਨ ਵੀ ਕਰਨ ਜਾ ਰਹੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਸਰਦਾਰ ਅਸਟੇਟ ਨੇੜੇ ਲੈਪਰੋਸੀ ਹਸਪਤਾਲ ਵਿਖੇ ਹੋਵੇਗਾ।
ਪ੍ਰੋਗਰਾਮ ਲਈ ਵਿਸ਼ੇਸ਼ ਤਿਆਰੀਆਂ
ਪ੍ਰਧਾਨ ਮੰਤਰੀ ਮੋਦੀ ਦੀ 18 ਜੂਨ ਨੂੰ ਹੋਣ ਵਾਲੀ ਦੂਜੀ ਫੇਰੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇੱਕ ਅਧਿਕਾਰਤ ਬਿਆਨ ਮੁਤਾਬਕ ਸਮਾਗਮ ਵਾਲੀ ਥਾਂ 'ਤੇ ਜਰਮਨ ਤਕਨੀਕ ਨਾਲ ਬਣੇ ਵਿਸ਼ੇਸ਼ ਗੁੰਬਦਾਂ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੜਕਾਂ ਦੀ ਕਾਰਪੇਟਿੰਗ, ਪਾਰਕਿੰਗ ਸੁਵਿਧਾ, ਰੋਸ਼ਨੀ ਅਤੇ ਸਹਾਇਕ ਸਹੂਲਤਾਂ ਵੀ ਮੁਕੰਮਲ ਹੋਣ ਦੇ ਨੇੜੇ ਹਨ। ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਮੈਡੀਕਲ ਟੀਮਾਂ ਵੀ ਸਮਾਗਮ ਵਾਲੀ ਥਾਂ 'ਤੇ ਤਾਇਨਾਤ ਰਹਿਣਗੀਆਂ।
ਇਹ ਵੀ ਪੜ੍ਹੋ: Agnipath Scheme ਵਿਰੁੱਧ ਪ੍ਰਦਰਸ਼ਨ 'ਤੇ ਸੀਐਮ ਮਾਨ ਨੇ ਕਿਹਾ- ਇਹ ਨੌਜਵਾਨਾਂ ਨਾਲ ਧੋਖਾ