ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਦੇਸ਼ ਵਿੱਚ ਵੱਧ ਰਹੇ ਕੋਰੋਨਾ ਅਤੇ ਇਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ ਲੈ ਕੇ ਇੱਕ ਉੱਚ ਪੱਧਰੀ ਬੈਠਕ ਵਿੱਚ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਹੈ। ਦੇਸ਼ ਭਰ ਵਿੱਚ ਕੋਵਿਡ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਨੂੰ ਰੋਕਣ ਲਈ ਕਈ ਰਾਜਾਂ ਨੇ ਸਖ਼ਤ ਕਦਮ ਚੁੱਕੇ ਹਨ। ਰਾਤ ਦੇ ਕਰਫਿਊ ਤੋਂ ਇਲਾਵਾ ਕਈ ਚੀਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਹੋਈ ਇਸ ਬੈਠਕ ਵਿੱਚ ਕੋਵਿਡ-19 ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਕੋਵਿਡ -19 ਦੇ ਨਵੇਂ ਰੂਪ, ਓਮੀਕਰੋਨ ਤੋਂ ਸੰਕਰਮਣ ਦੇ 552 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਐਤਵਾਰ ਨੂੰ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 3,623 ਹੋ ਗਈ ਹੈ।


ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ 1,59,632 ਨਵੇਂ ਮਾਮਲੇ


ਸਵੇਰੇ 8 ਵਜੇ ਮੰਤਰਾਲੇ ਦੇ ਅਪਡੇਟ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 1,59,632 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ 224 ਦਿਨਾਂ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਰੋਜ਼ਾਨਾ ਮਾਮਲੇ ਹਨ। ਦੇਸ਼ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 5,90,611 ਹੋ ਗਈ ਹੈ, ਜੋ ਕਿ ਲਗਭਗ 197 ਦਿਨਾਂ ਵਿੱਚ ਸਭ ਤੋਂ ਵੱਧ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 327 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,83,790 ਹੋ ਗਈ ਹੈ।


ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 1,009 ਮਾਮਲੇ 


ਓਮੀਕਰੋਨ ਦੇ 3,623 ਮਾਮਲਿਆਂ ਵਿੱਚੋਂ 1,409 ਲੋਕ ਜਾਂ ਤਾਂ ਦੇਸ਼ ਤੋਂ ਬਾਹਰ ਚਲੇ ਗਏ ਹਨ ਜਾਂ ਠੀਕ ਹੋ ਗਏ ਹਨ। ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 1,009 ਮਾਮਲੇ ਸਨ। ਇਸ ਤੋਂ ਬਾਅਦ ਦਿੱਲੀ ਵਿੱਚ 513, ਕਰਨਾਟਕ ਵਿੱਚ 441, ਰਾਜਸਥਾਨ ਵਿੱਚ 373, ਕੇਰਲ ਵਿੱਚ 333 ਅਤੇ ਗੁਜਰਾਤ ਵਿੱਚ 204 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 29 ਮਈ ਨੂੰ ਦੇਸ਼ ਵਿੱਚ ਸੰਕਰਮਣ ਦੇ 1,65,553 ਮਾਮਲੇ ਸਾਹਮਣੇ ਆਏ ਸਨ।