PM Modi Objectionable Poster In Delhi: ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ 100 ਐਫਆਈਆਰ ਦਰਜ ਕੀਤੀਆਂ ਹਨ। ਖਬਰਾਂ ਮੁਤਾਬਕ ਇਨ੍ਹਾਂ ਪੋਸਟਰਾਂ 'ਤੇ ਲਿਖਿਆ ਸੀ, ''ਮੋਦੀ ਹਟਾਓ-ਦੇਸ਼ ਬਚਾਓ।'' ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਦੀਪੇਂਦਰ ਪਾਠਕ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਪੋਸਟਰ ਲਾਏ ਗਏ ਸਨ, ਜਿਨ੍ਹਾਂ ’ਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ (ਇਤਰਾਜ਼ਯੋਗ) ਪੋਸਟਰਾਂ ਵਿੱਚ ਪ੍ਰਿੰਟਿੰਗ ਪ੍ਰੈੱਸ ਬਾਰੇ ਕੋਈ ਜਾਣਕਾਰੀ ਨਹੀਂ ਹੈ।


ਸਪੈਸ਼ਲ ਸੀਪੀ ਦੀਪੇਂਦਰ ਪਾਠਕ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਹੁਣ ਤੱਕ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਪੋਸਟਰਾਂ ਦਾ ਲਿੰਕ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ। ਦੀਪੇਂਦਰ ਪਾਠਕ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਨਿਕਲਦੇ ਹੀ ਪੁਲਿਸ ਵੱਲੋਂ ਵੈਨ ਨੂੰ ਰੋਕ ਲਿਆ ਗਿਆ, ਜਿੱਥੋਂ ਕਈ ਪੋਸਟਰ ਜ਼ਬਤ ਕੀਤੇ ਗਏ ਅਤੇ ਮੌਕੇ 'ਤੇ ਕੁਝ ਗਿ੍ਫ਼ਤਾਰੀਆਂ ਵੀ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ ਐਕਟ ਅਤੇ ਜਾਇਦਾਦ ਦੀ ਦੁਰਵਰਤੋਂ ਐਕਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।


ਸ਼ਹਿਰ ਭਰ ਤੋਂ ਹਜ਼ਾਰਾਂ ਪੋਸਟਰ ਹਟਾਏ ਗਏ


ਦਿ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਪੂਰੇ ਦਿੱਲੀ ਸ਼ਹਿਰ ਤੋਂ ਕਰੀਬ 2000 ਪੋਸਟਰ ਹਟਾ ਦਿੱਤੇ ਗਏ ਹਨ। ਸਪੈਸ਼ਲ ਸੀਪੀ ਦੀਪੇਂਦਰ ਪਾਠਕ ਨੇ ਦੱਸਿਆ ਕਿ ‘ਆਪ’ ਦਫ਼ਤਰ ਤੋਂ ਬਾਹਰ ਨਿਕਲਣ ਵੇਲੇ ਰੋਕੀ ਗਈ ਵੈਨ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਦੱਸਿਆ ਕਿ ਉਸ ਦੇ ਮਾਲਕ ਨੇ ਉਸ ਨੂੰ ਇੱਥੇ ਪੋਸਟਰ ਪਹੁੰਚਾਉਣ ਲਈ ਕਿਹਾ ਸੀ। ਦੀਪੇਂਦਰ ਪਾਠਕ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਵੀ ਪੋਸਟਰ ਡਿਲੀਵਰ ਕੀਤੇ ਸਨ।



ਇੰਨੇ ਸਾਰੇ ਪੋਸਟਰ ਕੀਤੇ ਆਰਡਰ 


ਪੁਲਿਸ ਅਨੁਸਾਰ ਦੋ ਪ੍ਰਿੰਟਿੰਗ ਪ੍ਰੈੱਸ ਫਰਮਾਂ ਨੂੰ 50-50 ਹਜ਼ਾਰ ਪੋਸਟਰ ਬਣਾਉਣ ਦੇ ਹੁਕਮ ਦਿੱਤੇ ਗਏ ਸਨ ਅਤੇ ਕੰਪਨੀਆਂ ਨਾਲ ਜੁੜੇ ਕਰਮਚਾਰੀਆਂ ਨੇ ਐਤਵਾਰ ਦੇਰ ਰਾਤ ਤੋਂ ਸੋਮਵਾਰ ਸਵੇਰ ਤੱਕ ਵੱਖ-ਵੱਖ ਖੇਤਰਾਂ ਵਿੱਚ ਪੋਸਟਰ ਲਗਾਏ। ਪੋਸਟਰਾਂ 'ਤੇ ਆਪਣੀ ਪ੍ਰਿੰਟਿੰਗ ਪ੍ਰੈਸ ਦਾ ਨਾਂ ਨਾ ਛਾਪਣ ਕਾਰਨ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਡੀਸੀਪੀ (ਉੱਤਰ ਪੱਛਮੀ) ਜਤਿੰਦਰ ਮੀਨਾ ਨੇ ਪੁਸ਼ਟੀ ਕੀਤੀ ਕਿ ਜ਼ਿਲ੍ਹੇ ਵਿੱਚ 20 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ। ਇੱਕ ਅਧਿਕਾਰੀ ਨੇ ਕਿਹਾ, "ਜ਼ਿਆਦਾਤਰ ਐਫਆਈਆਰ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਐਕਟ ਅਤੇ ਪ੍ਰੈੱਸ ਐਂਡ ਬੁਕਸ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਦਰਜ ਕੀਤੀਆਂ ਗਈਆਂ ਹਨ।"