ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਥੰਮਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਸ਼ੁਰੂ ਹੋ ਗਏ ਹਨ। ਉਹ 1-2 ਮਈ ਨੂੰ ਜਰਮਨੀ ਦਾ ਦੌਰਾ ਕਰਨਗੇ ਤੇ ਦੋ-ਪੱਖੀ ਗੱਲਬਾਤ ਕਰਨਗੇ। ਉਹ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵੀ ਜਾਣਗੇ। ਉੱਥੋਂ ਪ੍ਰਧਾਨ ਮੰਤਰੀ ਫਰਾਂਸ ਵੀ ਜਾ ਸਕਦੇ ਹਨ, ਜੋ 24 ਅਪ੍ਰੈਲ ਨੂੰ ਆਪਣੇ ਰਾਸ਼ਟਰਪਤੀ ਦੀ ਚੋਣ ਕਰੇਗਾ। ਪ੍ਰਧਾਨ ਮੰਤਰੀ ਮੋਦੀ ਦੀ ਤਿੰਨ ਯੂਰਪੀ ਦੇਸ਼ਾਂ ਦੀ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ, ਜਦੋਂ ਭਾਰਤ 'ਤੇ ਯੂਕਰੇਨ 'ਤੇ ਫੌਜੀ ਹਮਲੇ ਤੋਂ ਬਾਅਦ ਰੂਸ ਨਾਲ ਆਪਣੇ ਸਬੰਧਾਂ ਨੂੰ ਘਟਾਉਣ ਦਾ ਦਬਾਅ ਹੈ।



ਜਰਮਨੀ ਤੇ ਫਰਾਂਸ ਨੇ ਰੂਸ 'ਤੇ ਸਖ਼ਤ ਰੁਖ ਅਪਣਾਇਆ ਤੇ ਪਾਬੰਦੀਆਂ ਲਗਾਈਆਂ, ਜਦਕਿ ਭਾਰਤ ਨੇ ਹਿੰਸਾ ਨੂੰ ਤੁਰੰਤ ਖਤਮ ਕਰਨ ਤੇ ਦੇਸ਼ ਦੀ ਪ੍ਰਭੂਸੱਤਾ ਦੇ ਸਨਮਾਨ ਦੀ ਮੰਗ ਕਰਦੇ ਹੋਏ ਹੁਣ ਤੱਕ ਨਿਰਪੱਖ ਸਟੈਂਡ ਲਿਆ ਹੈ। ਨਵੀਂ ਦਿੱਲੀ ਨੇ ਵੀ ਬੁਕਾ ਵਿੱਚ ਨਾਗਰਿਕ ਹੱਤਿਆਵਾਂ ਦੀ ਨਿੰਦਾ ਕੀਤੀ ਹੈ ਤੇ ਸੁਤੰਤਰ ਜਾਂਚ ਦਾ ਸਮਰਥਨ ਕੀਤਾ ਹੈ।

ਯੂਕਰੇਨ ਵੱਲੋਂ ਉਨ੍ਹਾਂ ਖੇਤਰਾਂ ਵਿੱਚ ਸਮੂਹਿਕ ਕਬਰਾਂ ਦੀ ਖੋਜ ਦੇ ਬਾਅਦ ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਕੱਢ ਦਿੱਤਾ ਗਿਆ ਸੀ ,ਜਿਸ ਨੂੰ ਰੂਸੀ ਸੈਨਿਕਾਂ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਕਬਜ਼ਾ ਕਰਨ ਤੋਂ ਬਾਅਦ ਖਾਲੀ ਕਰ ਦਿੱਤਾ ਸੀ। ਜਰਮਨੀ ਨੇ ਯੂਕਰੇਨ ਲਈ ਕਈ ਆਰਥਿਕ ਤੇ ਫੌਜੀ ਪੈਕੇਜਾਂ ਦਾ ਐਲਾਨ ਕੀਤਾ ਹੈ। ਭਾਰਤ ਨੇ ਕੀਵ ਨੂੰ ਮਨੁੱਖੀ ਸਹਾਇਤਾ ਵੀ ਭੇਜੀ ਹੈ।

ਦੱਸ ਦੇਈਏ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਦੇਸ਼ਾਂ ਦੇ ਨੇਤਾਵਾਂ ਨੇ ਰੂਸ 'ਤੇ ਪਾਬੰਦੀਆਂ ਦੀ ਵਿਆਖਿਆ ਕਰਨ ਲਈ ਭਾਰਤ ਦਾ ਦੌਰਾ ਕੀਤਾ ਹੈ। ਪਿਛਲੇ ਹਫਤੇ ਪੀਐਮ ਮੋਦੀ ਨੇ ਰੱਖਿਆ ਤੇ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨ ਲਈ ਅਮਰੀਕੀ ਰਾਸ਼ਟਰਪਤੀ ਬਿਡੇਨ ਨਾਲ ਇੱਕ ਵਰਚੁਅਲ ਸੰਮੇਲਨ ਕੀਤਾ ਸੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਸਮੇਂ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਉਹ ਅੱਜ ਦਿੱਲੀ ਵਿੱਚ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ।