ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਫੇਰੀ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਟੀਐਮਸੀ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਪੀਐਮ ਮੋਦੀ ਨੂੰ 26-27 ਮਾਰਚ ਨੂੰ ਬੰਗਲਾਦੇਸ਼ ਦਾ ਦੌਰਾ ਕਰਨ ਲਈ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਤੇ 'ਬੰਗਬੰਧੂ' ਸ਼ੇਖ ਮੁਜਬੀਰ ਰਹਿਮਾਨ ਦੀ ਜਨਮ ਸ਼ਤਾਬਦੀ ਸਮਾਗਮ ਲਈ ਬੁਲਾਇਆ ਗਿਆ ਸੀ।
ਟੀਐਮਸੀ ਨੇ ਚੋਣ ਕਮਿਸ਼ਨ ਨੂੰ ਭੇਜੀ ਇੱਕ ਚਿੱਠੀ 'ਚ ਕਿਹਾ, "ਪੀਐਮ ਮੋਦੀ ਦੇ ਅਧਿਕਾਰਤ ਦੌਰੇ ਨੂੰ ਲੈ ਕੇ ਸਾਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਬੰਗਲਾਦੇਸ਼ ਦੀ ਵੰਡ 'ਚ ਭਾਰਤ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਹਾਲਾਂਕਿ ਟੀਐਮਸੀ ਨੂੰ ਪੀਐਮ ਮੋਦੀ ਦੇ ਬੰਗਲਾਦੇਸ਼ 'ਚ 27 ਮਾਰਚ ਦੇ ਪ੍ਰੋਗਰਾਮਾਂ 'ਤੇ ਇਤਰਾਜ਼ ਹੈ। ਉਨ੍ਹਾਂ ਦਾ ਬੰਗਲਾਦੇਸ਼ ਦੇ 50ਵੇਂ ਆਜ਼ਾਦੀ ਦਿਹਾੜੇ ਜਾਂ ਬੰਗਬੰਧੂ ਦੀ ਜਨਮ ਸ਼ਤਾਬਦੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਸਗੋਂ ਇਸ ਦਾ ਇਰਾਦਾ ਪੱਛਮੀ ਬੰਗਾਲ ਵਿਧਾਨ ਸਭਾ ਲਈ ਚੱਲ ਰਹੀਆਂ ਚੋਣਾਂ ਸਬੰਧੀ ਕੁਝ ਵਿਧਾਨ ਸਭਾ ਹਲਕਿਆਂ ਦੇ ਵੋਟਿੰਗ ਪੈਟਰਨ ਨੂੰ ਪ੍ਰਭਾਵਿਤ ਕਰਨਾ ਹੈ।"
ਚਿੱਠੀ 'ਚ ਅੱਗੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਅਜਿਹੀਆਂ ਅਨੈਤਿਕ ਅਤੇ ਗੈਰ-ਲੋਕਤੰਤਰੀ ਕਾਰਵਾਈਆਂ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ ਅਤੇ ਇਹ ਅਸਿੱਧੇ ਤੌਰ 'ਤੇ ਪਾਰਟੀ ਲਈ ਵਿਦੇਸ਼ੀ ਧਰਤੀ ਤੋਂ ਚੋਣ ਪ੍ਰਚਾਰ ਹੈ, ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ। ਪਾਰਟੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ 27 ਮਾਰਚ ਨੂੰ ਬੰਗਲਾਦੇਸ਼ 'ਚ ਪ੍ਰਧਾਨ ਮੰਤਰੀ ਦੀ ਓਰਕੰਡੀ ਦੀ ਯਾਤਰਾ ਸਿਆਸੀ ਉਦੇਸ਼ ਲਈ ਕੀਤੀ ਗਈ ਸੀ, ਕਿਉਂਕਿ ਉਸ ਦੌਰੇ ਸਮੇਂ ਪ੍ਰਧਾਨ ਮੰਤਰੀ ਦੇ ਨਾਲ ਭਾਜਪਾ ਦੇ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਵੀ ਮੌਜੂਦ ਸਨ।
ਮਹੱਤਵਪੂਰਣ ਗੱਲ ਇਹ ਹੈ ਕਿ ਪੀਐਮ ਮੋਦੀ 27 ਮਾਰਚ ਨੂੰ ਬੰਗਲਾਦੇਸ਼ ਦੇ ਓਰਕੰਡੀ ਗਏ ਸਨ। ਉਸ ਦੌਰਾਨ ਜਦੋਂ ਉਹ ਮੰਦਰ ਗਏ ਸਨ ਤਾਂ ਉਹ ਮਤੂਆ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇ ਸਨ। ਮੰਨਿਆ ਜਾਂਦਾ ਹੈ ਕਿ ਮਤੂਆ ਭਾਈਚਾਰੇ ਦਾ ਬੰਗਾਲ ਦੇ ਲਗਭਗ 40 ਵਿਧਾਨ ਸਭਾ ਹਲਕਿਆਂ 'ਤੇ ਅਸਰ ਪਵੇਗਾ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਵੀ ਉਸੇ ਦਿਨ ਵੋਟਿੰਗ ਹੋ ਰਹੀ ਸੀ। ਇਹੀ ਕਾਰਨ ਹੈ ਕਿ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਮਤੂਆ ਭਾਈਚਾਰੇ ਨਾਲ ਮੁਲਾਕਾਤ ਤੋਂ ਨਾਰਾਜ਼ ਸਨ।
ਇਹ ਵੀ ਪੜ੍ਹੋ: Corona Guidelines in Punjab: ਕੋਰੋਨਾ ਦਾ ਕਹਿਰ! ਕੈਪਟਨ ਵੱਲੋਂ ਪੰਜਾਬ 'ਚ ਮੁੜ ਤੋਂ ਸਖਤੀ ਦਾ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904