ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਹੋਣ ਵਾਲੇ ਸ਼ਿੰਘਾਈ ਸਹਿਯੋਗ ਸੰਗਠਨ (ਐਸਸੀਓ) ਸਮਿਟ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰਨਗੇ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਪੀਐਮ ਓਮਾਨ, ਈਰਾਨ ਤੇ ਮੱਧ ਏਸ਼ੀਆ ਦੇ ਰਸਤਿਓਂ ਬਿਸ਼ਕੇਕ ਪਹੁੰਚਣਗੇ। ਮੋਦੀ 13-14 ਜੂਨ ਨੂੰ ਐਸਸੀਓ ਸਮਿਟ ਵਿੱਚ ਹਾਜ਼ਰੀ ਲਵਾਉਣਗੇ। ਭਾਰਤ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਮੋਦੀ ਦੇ ਸ਼ੰਘਾਈ ਸਮਿਟ ਵਿੱਚ ਕਿਰਗਿਸਤਾਨ ਜਾਣ ਲਈ ਆਪਣੇ ਹਵਾਈ ਖੇਤਰ ਖੋਲ੍ਹ ਦੇਵੇ। ਇਸ 'ਤੇ ਪਾਕਿਸਤਾਨ ਸਰਕਾਰ ਨੇ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ 'ਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਬਿਸ਼ਕੇਕ ਜਾਣ ਲਈ ਭਾਰਤ ਸਰਕਾਰ ਨੇ ਦੋ ਵਿਕਲਪ ਕੱਢੇ ਸਨ ਪਰ ਹੁਣ ਫੈਸਲਾ ਲਿਆ ਗਿਆ ਕਿ ਪ੍ਰਧਾਨ ਮੰਤਰੀ ਦਾ ਜਹਾਜ਼ ਓਮਾਨ, ਈਰਾਨ ਤੇ ਮੱਧ ਏਸ਼ੀਆ ਦੇਸ਼ਾਂ ਦੇ ਰਸਤਿਓਂ ਬਿਸ਼ਕੇਕ ਜਾਵੇਗਾ। ਇਸ ਸੰਮੇਲਨ ਵਿੱਚ ਇਮਰਾਨ ਖ਼ਾਨ ਵੀ ਮੌਜੂਦ ਰਹਿਣਗੇ।