ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਨਾਲ ਨਜਿੱਠਣ ਲਈ ਸ਼੍ਰੀਲੰਕਾ ਨਾਲ 5 ਕਰੋੜ ਡਾਲਰ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨਾਲ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ‘ਚ ਵਾਰਤਾ ਕਾਮਯਾਬ ਰਹੀ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਰਾਜਪਕਸ਼ੇ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ। ਆਪਣੇ ਸੰਬੋਧਨ ‘ਚ ਪੀਐਮ ਮੋਦੀ ਨੇ ਕਿਹਾ ਕਿ ਸਥਿਰ ਸ਼੍ਰੀਲੰਕਾ ਨਾ ਸਿਰਫ ਭਾਰਤ ਲਈ ਸਗੋਂ ਪੂਰੇ ਹਿੰਦ ਮਹਾਸਾਗਰ ਖੇਤਰ ਦੇ ਹਿੱਤ ‘ਚ ਹੈ। ਮੋਦੀ ਨੇ ਕਿਹਾ ਕਿ ਸਾਡੀ ਗੱਲਬਾਤ ਕਾਫੀ ਵਧੀਆ ਰਹੀ। ਮੈਂ ਸ਼੍ਰੀਲੰਕਾਈ ਰਾਸ਼ਟਰਪਤੀ ਨੂੰ ਯਕੀਨ ਦਿੱਤਾ ਹੈ ਕਿ ਭਾਰਤ ਦੀ ਸ਼ੁਭ ਇੱਛਾ ਤੇ ਸਾਥ ਹਮੇਸ਼ਾ ਸ਼੍ਰੀਲੰਕਾ ਨਾਲ ਹੈ।ਪੀਐਮ ਮੋਦੀ ਨੇ ਅੱਗੇ ਕਿਹਾ, “ਭਾਰਤ ਦੀ 40 ਕਰੋੜ ਅਮਰੀਕੀ ਡਾਲਰ ਦੀ ਉਧਾਰ ਸਹੂਲਤ ਸ਼੍ਰੀਲੰਕਾ ਦੇ ਵਿਕਾਸ ਨੂੰ ਅੱਗੇ ਵਧਾਵੇਗੀ”। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਨਵੀਂ ਸਰਕਾਰ ਸ਼੍ਰੀਲੰਕਾ ‘ਚ ਤਮਿਲ ਭਾਈਚਾਰੇ ਦੀ ਮੰਸ਼ਾ ਨੂੰ ਪੂਰਾ ਕਰੇਗੀ। ਉਧਰ ਗੋਟਬਾਯਾ ਨੇ ਮੁਲਾਕਾਤ ਤੋਂ ਬਾਅਦ ਕਿਹਾ ਸਾਡੀ ਗੱਲਬਾਤ ਕਾਮਯਾਬ ਰਹੀ। ਗੱਲਬਾਤ ਦਾ ਕੇਂਦਰ ਸੁਰੱਖਿਆ ਸਾਥ ਰਿਹਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੇਰੀ ਗੱਲਬਾਤ ‘ਚ ਆਰਥਿਕ ਸਾਥ ‘ਤੇ ਵੀ ਚਰਚਾ ਹੋਈ।