ਨਵੀਂ ਦਿੱਲੀ: ਕਿਸਾਨ ਅੰਦੋਲਨ ਤੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਦੇਸ਼ ਦੇ ਨਾਲ-ਨਾਲ ਕੌਮਾਂਤਰੀ ਪੱਧਰ 'ਤੇ ਪ੍ਰਭਾਵਸ਼ਾਲੀ ਲੀਡਰ ਵਜੋਂ ਮੋਦੀ ਦੀ ਦਿਖ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਦੋ ਸਰਵੇਖਣਾਂ ’ਚ ਦਰਸਾਇਆ ਗਿਆ ਹੈ ਕਿ ਮੋਦੀ ਦੀ ਰੇਟਿੰਗ ਹੋਰ ਹੇਠਾਂ ਚਲੀ ਗਈ ਹੈ।


ਸਾਲ 2014 ’ਚ ਸੱਤਾ ’ਚ ਆਏ ਮੋਦੀ ਨੇ 2019 ’ਚ ਮੁੜ ਚੋਣ ਜਿੱਤ ਕੇ ਤਾਕਤਵਰ ਰਾਸ਼ਟਰਵਾਦੀ ਲੀਡਰ ਵਜੋਂ ਆਪਣਾ ਰੁਤਬਾ ਵਧਾਇਆ ਸੀ ਪਰ ਦੇਸ਼ ’ਚ ਇਸ ਹਫ਼ਤੇ ਕਰੋਨਾ ਦੇ ਕੇਸ ਢਾਈ ਕਰੋੜ ਤੋਂ ਜ਼ਿਆਦਾ ਹੋਣ ਮਗਰੋਂ ਮਹਾਮਾਰੀ ਨਾਲ ਜੂਝਣ ਦੀ ਤਿਆਰੀ ਵਿੰਚ ਕਮੀ ਨੇ ਮੋਦੀ ਦੇ ਰੁਤਬੇ ਨੂੰ ਖੋਰਾ ਲਗਾ ਦਿੱਤਾ।


ਆਲਮੀ ਆਗੂਆਂ ਦੇ ਰੁਤਬੇ ਉੱਤੇ ਨਜ਼ਰ ਰੱਖਣ ਵਾਲੀ ਅਮਰੀਕੀ ਡੇਟਾ ਇੰਟੈਲੀਜੈਂਸ ਕੰਪਨੀ ‘ਮੌਰਨਿੰਗ ਕੰਸਲਟ’ ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਮੋਦੀ ਦੀ ਓਵਰਆਲ ਰੇਟਿੰਗ ਇਸ ਹਫ਼ਤੇ 63 ਫ਼ੀਸਦ ਰਹੀ ਜੋ ਅਗਸਤ 2019 ਤੋਂ ਸਭ ਤੋਂ ਘੱਟ ਹੈ। ਰੇਟਿੰਗ ’ਚ ਸਭ ਤੋਂ ਵੱਧ ਗਿਰਾਵਟ ਅਪਰੈਲ ’ਚ ਦਰਜ ਹੋਈ ਜਦੋਂ ਇਹ 22 ਅੰਕ ਡਿੱਗ ਗਈ ਸੀ।


ਭਾਰਤੀ ਪੋਲਿੰਗ ਏਜੰਸੀ ਸੀ-ਵੋਟਰ ਦੇ ਸਰਵੇਖਣ ’ਚ ਪਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਪਿਛਲੇ ਸਾਲ ਦੇ 65 ਫ਼ੀਸਦੀ ਦੇ ਮੁਕਾਬਲੇ ਐਤਕੀਂ 37 ਫ਼ੀਸਦ ਤੱਕ ਡਿੱਗ ਗਈ। ਸੱਤ ਸਾਲਾਂ ’ਚ ਪਹਿਲੀ ਵਾਰ ਹੈ ਕਿ ਲੋਕਾਂ ਨੇ ਮੋਦੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਇਸ ਨੂੰ ਤਸੱਲੀਬਖ਼ਸ਼ ਨਹੀਂ ਕਰਾਰ ਦਿੱਤਾ।  ਸੀ-ਵੋਟਰ ਦੇ ਬਾਨੀ ਯਸ਼ਵੰਤ ਦੇਸ਼ਮੁਖ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਸਿਆਸੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।


ਮਹਾਮਾਰੀ ਦੇ ਕਹਿਰ ਦੌਰਾਨ ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ’ਚ ਬੈੱਡਾਂ, ਆਕਸੀਜਨ ਤੇ ਹੋਰ ਜ਼ਰੂਰੀ ਦਵਾਈਆਂ ਦੀ ਕਮੀ ਕਾਰਨ ਮੋਦੀ ਦੀ ਮਕਬੂਲੀਅਤ ’ਚ ਨਿਘਾਰ ਆਇਆ ਹੈ। ਸੀ-ਵੋਟਰ ਦੇ ਸਰਵੇਖਣ ਮੁਤਾਬਕ ਮੋਦੀ ਅਜੇ ਵੀ ਦੇਸ਼ ਦੇ ਸਭ ਤੋਂ ਮਕਬੂਲ ਸਿਆਸਤਦਾਨ ਹਨ ਕਿਉਂਕਿ ਵਿਰੋਧੀ ਧਿਰ ਸਰਕਾਰ ਦੀ ਨਾਕਾਮੀ ਨੂੰ ਹੋਰ ਪੁਖ਼ਤਾ ਤਰੀਕੇ ਨਾਲ ਉਭਾਰਨ ’ਚ ਨਾਕਾਮ ਰਹੀ ਹੈ।