PM Modi Russia Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ 08-10 ਜੁਲਾਈ 2024 ਨੂੰ ਰੂਸੀ ਸੰਘ ਅਤੇ ਆਸਟਰੀਆ ਗਣਰਾਜ ਦੀ ਅਧਿਕਾਰਤ ਯਾਤਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਯਾਨੀਕਿ ਅੱਜ 4 ਜੁਲਾਈ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਰੂਸੀ ਸੰਘ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਦੇ ਸੱਦੇ 'ਤੇ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ 8 ਤੋਂ 9 ਜੁਲਾਈ ਤੱਕ ਮਾਸਕੋ 'ਚ ਹੋਣਗੇ।
ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਦੋਵੇਂ ਨੇਤਾ ਦੋਹਾਂ ਦੇਸ਼ਾਂ ਵਿਚਾਲੇ ਬਹੁ-ਆਯਾਮੀ ਸਬੰਧਾਂ ਦੀ ਚੰਗੀ ਤਰ੍ਹਾਂ ਸਮੀਖਿਆ ਕਰਨਗੇ ਅਤੇ ਆਪਸੀ ਹਿੱਤਾਂ ਦੇ ਸਮਕਾਲੀ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਵਿਚਾਰ ਕਰਨਗੇ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਰੂਸ ਯਾਤਰਾ ਹੋਵੇਗੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ "ਰਵਾਇਤੀ ਤੌਰ 'ਤੇ ਦੋਸਤਾਨਾ ਰੂਸੀ-ਭਾਰਤ ਸਬੰਧਾਂ ਦੇ ਹੋਰ ਵਿਕਾਸ ਦੀਆਂ ਸੰਭਾਵਨਾਵਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਏਜੰਡੇ ਦੇ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਨਗੇ।"
ਪ੍ਰਧਾਨ ਮੰਤਰੀ ਮੋਦੀ ਦੀ ਆਸਟਰੀਆ ਦੀ ਪਹਿਲੀ ਅਧਿਕਾਰਤ ਯਾਤਰਾ
ਇਸ ਤੋਂ ਬਾਅਦ ਪ੍ਰਧਾਨ ਮੰਤਰੀ 09-10 ਜੁਲਾਈ 2024 ਦੌਰਾਨ ਆਸਟਰੀਆ ਦਾ ਦੌਰਾ ਕਰਨਗੇ। 41 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੀਆ ਦੀ ਇਹ ਪਹਿਲੀ ਯਾਤਰਾ ਹੋਵੇਗੀ। ਉਹ ਆਸਟਰੀਆ ਗਣਰਾਜ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੈਨ ਡੇਰ ਬੇਲੇਨ ਨਾਲ ਮੁਲਾਕਾਤ ਕਰਨਗੇ ਅਤੇ ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਨਾਲ ਵੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਅਤੇ ਚਾਂਸਲਰ ਭਾਰਤ ਅਤੇ ਆਸਟ੍ਰੀਆ ਦੇ ਕਾਰੋਬਾਰੀ ਨੇਤਾਵਾਂ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਸਕੋ ਦੇ ਨਾਲ-ਨਾਲ ਵਿਆਨਾ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ।
ਰੂਸ ਦਾ ਆਖਰੀ ਦੌਰਾ 2019 ਵਿੱਚ ਹੋਇਆ ਸੀ
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਸਥਾਈ ਪ੍ਰਤੀਨਿਧੀ ਵੈਸੀਲੀ ਨੇਬੇਨਜੀਆ ਨੇ ਕਿਹਾ ਸੀ ਕਿ ਪੀਐਮ ਮੋਦੀ ਦੀ ਯਾਤਰਾ ਕਈ ਅਹਿਮ ਸੰਦੇਸ਼ ਦੇਵੇਗੀ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਡੂੰਘੇ ਹੋਣਗੇ।
ਇਸ ਦੌਰੇ ਦਾ ਖਾਸ ਮਹੱਤਵ ਹੈ ਕਿਉਂਕਿ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਰੂਸ ਯਾਤਰਾ ਹੋਵੇਗੀ। ਰੂਸ ਨੇ ਫਰਵਰੀ 2022 'ਚ ਯੂਕਰੇਨ 'ਤੇ ਹਮਲਾ ਕੀਤਾ ਸੀ, ਉਦੋਂ ਤੋਂ ਭਾਰਤ ਅਤੇ ਰੂਸ ਵਿਚਾਲੇ ਕੋਈ ਉੱਚ ਪੱਧਰੀ ਦੁਵੱਲੀ ਯਾਤਰਾ ਨਹੀਂ ਹੋਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਖਰੀ ਵਾਰ 2019 ਵਿੱਚ ਰੂਸ ਦਾ ਦੌਰਾ ਕੀਤਾ ਸੀ, ਜਦੋਂ ਉਹ ਵਲਾਦੀਵੋਸਤੋਕ ਵਿੱਚ ਪੰਜਵੇਂ ਪੂਰਬੀ ਆਰਥਿਕ ਫੋਰਮ ਸੰਮੇਲਨ ਵਿੱਚ ਸ਼ਾਮਲ ਹੋਏ ਸਨ। ਪੁਤਿਨ ਦੀ ਭਾਰਤ ਦੀ ਆਖਰੀ ਯਾਤਰਾ 2021 ਵਿੱਚ ਹੋਈ ਸੀ।
ਹੋਰ ਪੜ੍ਹੋ : ਵਿਸ਼ਵ ਚੈਂਪੀਅਨ ਇੰਡੀਅਨ ਕ੍ਰਿਕਟ ਟੀਮ ਨਾਲ PM ਮੋਦੀ ਦੀ ਮੁਲਾਕਾਤ, ਖੂਬ ਮਸਤੀ ਕਰਦੇ ਆਏ ਨਜ਼ਰ, ਦੇਖੋ ਵੀਡੀਓ