ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ 'ਮਨ ਕੀ ਬਾਤ' ਪ੍ਰੋਗਰਾਮ ਦੇ 76ਵੇਂ ਐਪੀਸੋਡ ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ, 'ਅੱਜ ਮੈਂ ਤੁਹਾਡੇ ਮਨ ਦੀ ਗੱਲ ਇਕ ਅਜਿਹੇ ਸਮੇਂ ਕਰ ਰਿਹਾ ਹਾਂ। ਜਦੋਂ ਕੋਰੋਨਾ ਸਾਡੇ ਸਭ ਦੇ ਹੌਸਲੇ ਦੇ ਦੁੱਖ ਬਰਦਾਸ਼ਤ ਕਰਨ ਦੀ ਹੱਦ ਦਾ ਇਮਤਿਹਾਨ ਲੈ ਰਿਹਾ ਹੈ। ਕੋਰੋਨਾ ਦੀ ਪਹਿਲੀ ਲਹਿਰ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਤੋਂ ਬਾਅਦ ਦੇਸ਼ ਹੌਸਲੇ ਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਸੀ ਪਰ ਇਸ ਤੂਫਾਨ ਨੇ ਦੇਸ਼ ਨੂੰ ਡਾਂਵਾਂਡੋਲ ਕਰ ਦਿੱਤਾ ਹੈ।


'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਪੀਐਮ ਮੋਦੀ ਨੇ ਕਿਹਾ, 'ਇਸ ਸਮੇਂ ਸਾਨੂੰ ਇਸ ਲੜਾਈ ਨੂੰ ਜਿੱਤਣ ਲਈ ਐਕਸਪਰਟਸ ਤੇ ਵਿਗਿਆਨਕ ਸਲਾਹ ਨੂੰ ਪਹਿਲ ਦੇਣੀ ਹੈ। ਸੂਬਾ ਸਰਕਾਰਾਂ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ 'ਚ ਭਾਰਤ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਸੂਬਾ ਸਰਕਾਰਾਂ ਵੀ ਆਪਣਾ ਫਰਜ਼ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।


ਵੈਕਸੀਨ ਨੂੰ ਲੈਕੇ ਕਿਸੇ ਅਫਵਾਹ 'ਚ ਨਾ ਆਉਣ


ਪੀਐਮ ਮੋਦੀ ਨੇ ਕਿਹਾ, 'ਕੋਰੋਨਾ ਦੇ ਇਸ ਸੰਕਟ ਕਾਲ 'ਚ ਵੈਕਸੀਨ ਦੀ ਅਹਿਮੀਅਤ ਸਾਰਿਆਂ ਨੂੰ ਪਤਾ ਲੱਗ ਰਹੀ ਹੈ। ਇਸ ਲਈ ਮੇਰੀ ਅਪੀਲ ਹੈ ਕਿ ਵੈਕਸੀਨ ਨੂੰ ਲੈਕੇ ਕਿਸੇ ਵੀ ਅਫਵਾਹ 'ਚ ਨਾ ਆਓ। ਤਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਭਾਰਤ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਮੁਫ਼ਤ ਵੈਕਸੀਨ ਦਿੱਤੀ ਜਾ ਰਹੀ ਹੈ। ਜਿਸ ਦਾ ਫਾਇਦਾ 45 ਸਾਲ ਤੋਂ ਉੱਪਰ ਦੇ ਲੋਕ ਲੈ ਸਕਦੇ ਹਨ।'


ਹੁਣ ਤੋਂ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਲਈ ਵੀ ਵੈਕਸੀਨ ਉਪਲਬਧ ਹੋਣ ਵਾਲੀ ਹੈ। ਭਾਰਤ ਸਰਕਾਰ ਵੱਲੋਂ ਮੁਫਤ ਵੈਕਸੀਨ ਦਾ ਪ੍ਰੋਗਰਾਮ ਅੱਗੇ ਚੱਲਦਾ ਰਹੇਗਾ। ਮੇਰੀ ਸੂਬਿਆਂ ਨੂੰ ਵੀ ਅਪੀਲ ਹੈ ਕਿ ਉਹ ਭਾਰਤ ਸਰਕਾਰ ਦੇ ਇਸ ਮੁਫਤ ਵੈਕਸੀਨ ਅਭਿਆਨ ਦਾ ਲਾਭ ਆਪਣੇ ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣ।


ਦੇਸ਼ਵਾਸੀਆਂ ਨੂੰ ਅਪੀਲ ਕਰਦਿਆਂ ਪੀਐਮ ਮੋਦੀ ਨੇ ਕਿਹਾ, 'ਮੈਂ ਤਹਾਨੂੰ ਅਪੀਲ ਕਰਦਾ ਹਾਂ ਤਹਾਨੂੰ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੇ ਕੋਈ ਹੋਰ ਖਦਸ਼ਾ ਹੋਵੇ ਤਾਂ ਸਹੀ ਸੋਰਸ ਤੋਂ ਜਾਣਕਾਰੀ ਲਓ। ਤੁਹਾਡੇ ਜੋ ਫੈਮਿਲੀ ਡਾਕਟਰ ਹੋਣ, ਆਸ-ਪਾਸ ਦੇ ਜੋ ਡਾਕਟਰ ਹੋਣ ਤੁਸੀਂ ਉਨ੍ਹਾਂ ਨੂੰ ਫੋਨ 'ਤੇ ਗੱਲ ਕਰਦਿਆਂ ਸਲਾਹ ਲਓ। ਮੈਂ ਦੇਖ ਰਿਹਾ ਹਾਂ ਸਾਡੇ ਬਹੁਤ ਸਾਰੇ ਡਾਕਟਰ ਖੁਦ ਵੀ ਇਹ ਜ਼ਿੰਮੇਵਾਰੀ ਚੁੱਕ ਰਹੇ ਹਨ। ਕਈ ਡਾਕਟਰ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ।'