ਮੁੰਬਈ: ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਨੁਕਸਾਨ ਦਾ ਕਾਰੋਬਾਰ ਹੋ ਰਿਹਾ ਹੈ। ਸੈਂਸਕਸ 907 ਅੰਕ ਲੁੜਕ ਕੇ 38,605.48 'ਤੇ ਆ ਗਿਆ। ਨਿਫਟੀ ਵਿੱਚ 288 ਪੁਆਇੰਟਸ ਦੀ ਗਿਰਾਵਟ ਦਰਜ ਕੀਤੀ ਗਈ। ਇਸ ਪੁਆਇੰਟਸ 11,523.30 'ਤੇ ਆ ਗਏ। ਸੈਂਸੇਕਸ ਦੇ 30 ਵਿੱਚੋਂ 27 ਤੇ ਨਿਫਟੀ ਦੇ 50 ਵਿੱਚੋਂ 44 ਸ਼ੇਅਰਾਂ ਵਿੱਚ ਨੁਕਸਾਨ ਵੇਖਿਆ ਗਿਆ। ਪੀਐਨਬੀ ਦਾ ਸ਼ੇਅਰ ਵੀ 10 ਫੀਸਦੀ ਲੁੜਕ ਗਿਆ।


ਮਾਹਰਾਂ ਦਾ ਕਹਿਣਾ ਹੈ ਕਿ ਬਜਟ ਦੇ ਐਲਾਨ ਸ਼ਾਇਦ ਨਿਵੇਸ਼ਕਾਂ ਨੂੰ ਰਾਸ ਨਹੀਂ ਆਏ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਬਜਟ ਵਿੱਚ ਕਿਹਾ ਸੀ ਕਿ ਲਿਮਟਿਡ ਕੰਪਨੀਆਂ ਵਿੱਚ ਪਬਲਿਕ ਸ਼ੇਅਰ ਹੋਲਡਿੰਗ 25 ਫੀਸਦੀ ਤੋਂ 35 ਫੀਸਦੀ ਕਰਨ ਲਈ ਗੱਲ ਹੋਈ ਹੈ। ਵਿੱਤ ਮੰਤਰੀ ਨੇ 2 ਤੋਂ 5 ਕਰੋੜ ਰੁਪਏ ਤੇ 5 ਕਰੋੜ ਤੋਂ ਜ਼ਿਆਦਾ ਸਾਲਾਨਾ ਆਮਦਨ ਵਾਲਿਆਂ 'ਤੇ ਸਰਚਾਰਜ ਵਧਾਉਣ ਦਾ ਵੀ ਐਲਾਨ ਕੀਤਾ ਸੀ।

ਵਿਸ਼ਲੇਸਕਾਂ ਮੁਤਾਬਕ ਸਰਚਾਰਜ ਦੀਆਂ ਵਧੀਆਂ ਦਰਾਂ ਸ਼ੇਅਰ ਬਾਜ਼ਾਰ ਤੋਂ ਪੈਸਾ ਕਮਾਉਣ 'ਤੇ ਲੱਗਣ ਵਾਲੇ ਲਾਂਗ ਟਰਮ ਕੈਪੀਟਲ ਗੇਨ ਟੈਕਸ ਤੇ ਸ਼ਾਰਟ ਟਰਮ ਕੈਪੀਟਲ ਗੇਨ ਟੈਕਸ 'ਤੇ ਵੀ ਅਸਰ ਪਾਉਣਗੀਆਂ। ਇਸ ਦੇ ਨਾਲ ਹੀ ਵਿਦੇਸ਼ੀ ਬਾਜ਼ਾਰਾਂ ਵਿੱਚ ਅੱਜ ਦੀ ਗਿਰਾਵਟ ਦੇ ਅਸਰ ਨਾਲ ਵੀ ਭਾਰਤੀ ਬਾਜ਼ਾਰ ਵਿੱਚ ਵੀ ਵਿਕਰੀ ਵਧੀ ਹੈ।

ਇਸ ਤੋਂ ਇਲਾਵਾ ਕਾਰੋਬਾਰ ਦੌਰਾਨ ਹੀਰੋ ਮੋਟਰਕਾਰਪ ਦਾ ਸ਼ੇਅਰ 4.5 ਫੀਸਦੀ ਲੁੜਕ ਗਿਆ। ਮਾਰੂਤੀ ਵਿੱਚ 4 ਫੀਸਦੀ, ਟਾਟਾ ਮੋਟਰਜ਼ ਵਿੱਚ 3 ਫੀਸਦੀ ਤੇ ਬਜਾਜ ਆਟੋ ਵਿੱਚ 2 ਫੀਸਦੀ ਦੀ ਗਿਰਾਵਟ ਆਈ। ਮੰਨਿਆ ਜਾ ਰਿਹਾ ਹੈ ਕਿ ਪੀਐਨਬੀ ਦੇ ਭੂਸ਼ਣ ਪਾਵਰ ਐਂਡ ਸਟੀਲ ਦੇ 3,800 ਕਰੋੜ ਦੇ ਘਪਲੇ ਦੀ ਖ਼ਬਰ ਆਉਣ ਬਾਅਦ ਵੀ ਸ਼ੇਅਰ ਵਿੱਚ ਵਿਕਰੀ ਹੋ ਰਹੀ ਹੈ। ਸੋਮਵਾਰ ਨੂੰ ਪੀਐਨਬੀ ਦਾ ਸ਼ੇਅਰ 11 ਫੀਸਦੀ ਲੁੜਕ ਗਿਆ।