Poisonous Cough Syrup: ਖੰਘ ਦੀ ਦਵਾਈ ਕਾਂਡ 'ਚ 20 ਬੱਚਿਆਂ ਦੀ ਮੌਤ ਤੋਂ ਬਾਅਦ ਵੱਡਾ ਐਕਸ਼ਨ, Sresan Pharmaceuticals ਦੇ ਮਾਲਿਕ ਨੂੰ ਕੀਤਾ ਗ੍ਰਿਫ਼ਤਾਰ
ਕੋਲਡਰਿਫ ਖੰਘ ਦੀ ਦਵਾਈ ਨੇ ਦੇਸ਼ ਦੇ ਵਿੱਚ ਹਾਹਾਕਾਰ ਮਚਾ ਦਿੱਤੀ। ਇਸ ਦੀ ਵਰਤੋਂ ਨਾਲ ਹੁਣ ਤੱਕ ਕੁੱਲ 20 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸ਼ਨ ਨੇ ਸਖਤ ਐਕਸ਼ਨ ਕਰਦੇ ਹੋਏ ਕੰਪਨੀ ਦੇ ਮਾਲਕ ਰੰਗਨਾਥਨ ਗੋਵਿੰਦਨ..

ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਕਫ਼ ਸਿਰਪ ਪੀਣ ਨਾਲ ਗੁਰਦੇ (ਕਿਡਨੀ) ਵਿੱਚ ਸੰਕ੍ਰਮਣ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਐੱਮਪੀ ਐੱਸਆਈਟੀ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਉਹਨਾਂ ਨੇ ਮੌਤ ਦੇ ਮਾਮਲੇ ਵਿੱਚ ਆਰੋਪੀ ਸ਼੍ਰੀਸਨ ਫਾਰਮਾਸਿਊਟੀਕਲ ਦੇ ਮਾਲਕ ਰੰਗਨਾਥਨ ਗੋਵਿੰਦਨ (Ranganathan Govindan) ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਛਿੰਦਵਾੜਾ ਐੱਸਪੀ ਅਜੇ ਪਾਂਡੇ ਨੇ ਦੱਸਿਆ ਕਿ ਇਹ ਕਾਰਵਾਈ 8 ਅਕਤੂਬਰ ਦੀ ਰਾਤ ਨੂੰ ਕੀਤੀ ਗਈ। ਗ੍ਰਿਫ਼ਤਾਰੀ ਤੋਂ ਬਾਅਦ ਐੱਮਪੀ ਐੱਸਆਈਟੀ ਟ੍ਰਾਂਜਿਟ ਰੀਮਾਂਡ ਤੇ ਆਰੋਪੀ ਨੂੰ ਮੱਧ ਪ੍ਰਦੇਸ਼ ਲਿਆਵੇਗੀ। ਛਿੰਦਵਾੜਾ ਵਿੱਚ ਖ਼ਰਾਬ ਕਫ਼ ਸਿਰਪ ਪੀਣ ਨਾਲ ਹੁਣ ਤੱਕ ਕੁੱਲ 20 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਕੰਪਨੀ ਦੇ ਮਾਲਕ ਰੰਗਨਾਥਨ ਗੋਵਿੰਦਨ ਦੀ ਗ੍ਰਿਫ਼ਤਾਰੀ 'ਤੇ 20 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਸੀ।
ਸਭ ਤੋਂ ਪਹਿਲਾਂ ਇਸ ਰਾਜ ਤੋਂ ਸਾਹਮਣੇ ਆਏ ਮੌਤ ਦੇ ਮਾਮਲੇ
ਖੰਘ ਦੀ ਦਵਾਈ ਨਾਲ ਜੁੜਿਆ ਮੌਤ ਦਾ ਮਾਮਲਾ ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਛਿੰਦਵਾਡਾ ਅਤੇ ਬੈਤੂਲ ਜ਼ਿਲ੍ਹਿਆਂ ਵਿੱਚ ਸਾਹਮਣੇ ਆਇਆ, ਜਿੱਥੇ ਪਿਛਲੇ ਦੋ ਹਫ਼ਤਿਆਂ ਵਿੱਚ ਕਈ ਬੱਚਿਆਂ ਦੀ ਮੌਤ ਹੋਈ। ਇਸ ਤੋਂ ਬਾਅਦ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਵੀ ਇਸੇ ਸਿਰਪ ਨਾਲ ਜੁੜੇ ਮਾਮਲੇ ਦਰਜ ਕੀਤੇ ਗਏ।
ਛਿੰਦਵਾਡਾ ਪ੍ਰਸ਼ਾਸਨ ਦੇ ਅਨੁਸਾਰ, ਕੋਲਡਰਿਫ਼ ਸਿਰਪ ਪੀਣ ਤੋਂ ਬਾਅਦ ਬੱਚਿਆਂ ਵਿੱਚ ਉਲਟੀ, ਪੇਸ਼ਾਬ ਵਿੱਚ ਦਿੱਕਤ ਅਤੇ ਤੇਜ਼ ਬੁਖਾਰ ਜਿਹੇ ਲੱਛਣ ਨਜ਼ਰ ਆਏ। ਡਾਕਟਰਾਂ ਦੀ ਜਾਂਚ 'ਚ ਪਤਾ ਲੱਗਾ ਕਿ ਬੱਚਿਆਂ ਦੀਆਂ ਕਿਡਨੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਮਾਰੇ ਗਏ ਬੱਚਿਆਂ ਦੀ ਉਮਰ 2 ਤੋਂ 5 ਸਾਲ ਦੇ ਵਿਚਾਲੇ
ਸਾਰੇ ਮਰੇ ਹੋਏ ਬੱਚਿਆਂ ਦੀ ਉਮਰ 2 ਤੋਂ 5 ਸਾਲ ਦੇ ਵਿਚਕਾਰ ਸੀ। ਕਈ ਬੱਚਿਆਂ ਨੂੰ ਨਾਗਪੁਰ ਅਤੇ ਭੋਪਾਲ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜਾਂਚ ਦੌਰਾਨ ਉਨ੍ਹਾਂ ਦੇ ਸਰੀਰ ਵਿੱਚ ਡਾਇਥੀਲਿਨ ਗਲਾਇਕੋਲ ਦਾ ਅਸਰ ਮਿਲਿਆ।
ਕੰਪਨੀ ਅਤੇ ਮਾਲਕ 'ਤੇ ਕੱਸਿਆ ਸ਼ਿਕੰਜਾ
ਸ਼੍ਰੀਸਨ ਫਾਰਮਾ, ਜੋ ਕਿ ਤਮਿਲਨਾਡੂ ਵਿੱਚ ਸਥਿਤ ਹੈ, ਪਹਿਲਾਂ ਵੀ ਗੁਣਵੱਤਾ ਦੇ ਉਲੰਘਣਾਂ ਦੇ ਮਾਮਲਿਆਂ 'ਚ ਫਸ ਚੁੱਕੀ ਹੈ। ਸੂਤਰਾਂ ਅਨੁਸਾਰ, ਕੰਪਨੀ ਨੇ ਕੋਲਡਰਿਫ਼ ਸਿਰਪ ਦੇ ਕਈ ਬੈਚ ਬਿਨਾਂ ਢੰਗ ਨਾਲ ਜਾਂਚ ਕੀਤੇ ਹੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਭੇਜ ਦਿੱਤੇ ਸਨ।
SIT ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੰਪਨੀ ਨੇ ਗਲਿਸਰੋਲ ਦੀ ਥਾਂ ਡਾਇਥੀਲਿਨ ਗਲਾਇਕੋਲ ਵਰਤਿਆ ਸੀ। ਇਹ ਕੈਮੀਕਲ ਇਨਸਾਨੀ ਸਰੀਰ ਲਈ ਬਹੁਤ ਹੀ ਜ਼ਹਿਰੀਲਾ ਹੁੰਦਾ ਹੈ। ਇਸੇ ਕੈਮੀਕਲ ਕਾਰਨ 2022 ਵਿੱਚ ਗੈਂਬੀਆ ਅਤੇ 2023 ਵਿੱਚ ਉਜ਼ਬੇਕਿਸਤਾਨ ਵਿੱਚ ਵੀ ਬੱਚਿਆਂ ਦੀ ਮੌਤ ਹੋਈ ਸੀ, ਜੋ ਭਾਰਤੀ ਦਵਾਈਆਂ ਨਾਲ ਜੁੜੀਆਂ ਘਟਨਾਵਾਂ ਸਨ।
ਜਾਂਚ ਤੇ ਕਾਰਵਾਈ 'ਚ ਅਧਿਕਾਰੀਆਂ 'ਤੇ ਵੀ ਗਿਰੀ ਗਾਜ਼
ਮੱਧ ਪ੍ਰਦੇਸ਼ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਇਕ ਸਾਂਝੀ ਜਾਂਚ ਕਮੇਟੀ ਬਣਾਈ ਹੈ। ਹੁਣ ਤੱਕ ਦੀ ਕਾਰਵਾਈ 'ਚ ਕੰਪਨੀ ਦਾ ਮਾਲਕ ਰੰਗਨਾਥਨ ਗੋਵਿੰਦਨ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋ ਮੈਡੀਸਿਨ ਕੰਟਰੋਲਰ ਅਤੇ ਇਕ ਉਪਨਿਦੇਸ਼ਕ ਨੂੰ ਨਿਲੰਬਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਟੇਟ ਮੈਡੀਸਿਨ ਕੰਟਰੋਲਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਛਿੰਦਵਾੜਾ ਦੇ ਡਾਕਟਰ ਪ੍ਰਵੀਣ ਸੋਨੀ ਨੂੰ ਵੀ ਲਾਪਰਵਾਹੀ ਅਤੇ ਗਲਤ ਦਵਾ ਲਿਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਵਰਿਸ਼ਠ ਅਧਿਕਾਰੀ ਨੇ ਕਿਹਾ ਕਿ ਇਹ ਸਿਰਫ ਲਾਪਰਵਾਹੀ ਨਹੀਂ, ਸਗੋਂ ਆਪਰਾਧਿਕ ਮਾਮਲਾ ਹੈ। ਜੇ ਇਹ ਸਾਬਤ ਹੋ ਗਿਆ ਕਿ ਕੰਪਨੀ ਨੇ ਜਾਣਬੁੱਝ ਕੇ ਜ਼ਹਿਰੀਲੇ ਕੈਮੀਕਲ ਦਾ ਇਸਤੇਮਾਲ ਕੀਤਾ, ਤਾਂ ਦੋਸ਼ੀਆਂ 'ਤੇ ਗੈਰ-ਇਰਾਦਤਨ ਕਤਲ (IPC 304) ਦਾ ਮਾਮਲਾ ਦਰਜ ਕੀਤਾ ਜਾਵੇਗਾ।






















