ਨਵੀਂ ਦਿੱਲੀ: ਛੋਟੀਆਂ ਬੱਚਤ ਸਕੀਮਾਂ ‘ਤੇ ਕੇਂਦਰ ਸਰਕਾਰ ਨੇ ਵਿਆਜ਼ ਦਰਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਗਾਹਕਾਂ ਲਈ ਖੁਸ਼ਖ਼ਬਰੀ ਹੈ ਕਿ ਛੋਟੀਆਂ ਸੇਵਿੰਗ ਸਕੀਮਾਂ ਦੇ ਵਿਆਜ਼ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸਮੌਲ ਸੇਵਿੰਗ ਸਕੀਮਾਂ ‘ਚ ਪੀਪੀਐਫ, ਸੁਕੰਨਿਆ ਸਮ੍ਰਿਧੀ ਯੋਜਨਾ ਤੇ ਐਨਐਸਸੀ ਦੇ ਨਾਲ ਕੇਵੀਪੀ ਲਈ ਵੀ ਪਹਿਲਾਂ ਵਾਲੀਆਂ ਵਿਆਜ਼ ਦਰਾਂ ਹੀ ਬਰਕਰਾਰ ਰਹਿਣਗੀਆਂ।



ਦੱਸ ਦਈਏ ਕਿ ਹਰ ਤਿਮਾਹੀ ‘ਤੇ ਸਰਕਾਰ ਛੋਟੀਆਂ ਬੱਚਤਾਂ ਸਕੀਮਾਂ ਲਈ ਵਿਆਜ਼ ਦਰਾਂ ਦਾ ਐਲਾਨ ਕਰਦੀ ਹੈ। ਇਸ ਵਾਰ ਜੋ ਵਿਆਜ਼ ਦਰਾਂ ਤੈਅ ਕੀਤੀਆਂ ਗਈਆਂ ਹਨ, ਉਹ ਦਸੰਬਰ 2019 ਤਕ ਲਾਗੂ ਰਹਿਣਗੀਆਂ। ਵਿੱਤ ਮੰਤਰਾਲੇ ਨੇ ਅੱਜ ਇੱਕ ਬਿਆਨ ‘ਚ ਕਿਹਾ ਕਿ ਵਿੱਤ ਸਾਲ 2019-20 ਦੀ ਤਿਮਾਹੀ ਵਿਆਜ਼ ਦਰਾਂ ਉਹੀ ਰਹਿਣਗੀਆਂ ਜੋ ਦੂਜੀ ਤਿਮਾਹੀ ‘ਚ ਸੀ।



PPF, NSCਤੇ ਪਹਿਲਾਂ ਦੀ ਤਰ੍ਹਾਂ ਹੀ 7.9 ਫੀਸਦ ਦੀ ਦਰ ਨਾਲ ਵਿਆਜ਼ ਮਿਲਦਾ ਰਹੇਗਾ। ਉਧਰ ਇੱਕ ਤੋਂ ਤਿੰਨ ਸਾਲ ਦੇ ਪੋਸਟ ਆਫਿਸ ਟਾਈਮ ਡਿਪਾਜ਼ਿਟ ਪਹਿਲਾਂ ਦੀ ਤਰ੍ਹਾਂ 6.9 ਫੀਸਦ ਦਰ ਨਾਲ ਵਿਆਜ਼ ਤੇ ਪੰਜ ਸਾਲ ਦੇ ਟਰਮ ਡਿਪਾਜ਼ਿਟ ‘ਤੇ 7.7% ਵਿਆਜ਼ ਮਿਲਦਾ ਰਹੇਗਾ।



ਕਿਸਾਨ ਵਿਕਾਸ ਪੱਤਰ (ਕੇਵੀਪੀ) ‘ਤੇ ਸਰਕਾਰ ਪਹਿਲਾਂ ਦੀ ਤਰ੍ਹਾਂ 7.6 ਫੀਸਦ ਦੀ ਦਰ ਨਾਲ ਵਿਆਜ਼ ਮਿਲਦਾ ਰਹੇਗਾ। ਸੁਕੰਨਿਆ ਸਮ੍ਰਿਧੀ ਯੋਜਨਾ ‘ਤੇ ਵੀ ਗਾਹਕਾਂ ਨੂੰ 8.4% ਦੀ ਦਰ ਨਾਲ ਵਿਆਜ਼, ਸੀਨੀਅਰ ਸਿਟੀਜ਼ਨ ਸਕੀਮ ‘ਚ 8.6% ਵਿਆਜ਼ ਦਰ ਮਿਲੇਗਾ।



ਵਿੱਤ ਮੰਤਰਾਲਾ ਨੇ ਇੱਕ ਬਿਆਨ ‘ਚ ਕਿਹਾ ਕਿ ਇਹ ਵਿਆਜ਼ ਦਰਾਂ 1 ਅਕਤੂਬਰ, 2019 ਤੋਂ 31 ਦਸੰਬਰ, 2019 ਤਕ ਲਾਗੂ ਰਹਿਣਗੀਆਂ।