ਮੋਦੀ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਅਦਾਕਾਰ ਪ੍ਰਕਾਸ਼ ਰਾਜ ਨੇ ਮਿਲਾਇਆ ਕੇਜਰੀਵਾਲ ਨਾਲ ਹੱਥ
ਏਬੀਪੀ ਸਾਂਝਾ | 11 Jan 2019 12:43 PM (IST)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਬਾਲੀਵੁੱਡ ਐਕਟਰ ਪ੍ਰਕਾਸ਼ ਰਾਜ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਵੀ ਕੀਤੀ। ਹਾਲ ਹੀ ‘ਚ ਪ੍ਰਕਾਸ਼ ਰਾਜ ਨੇ ਆਮ ਚੋਣਾਂ ਲੜਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਪ੍ਰਕਾਸ਼ ਰਾਜ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਸਿਵਲ ਲਾਈਨਜ਼ ਸਥਿਤ ਨਿਵਾਸ ‘ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪਿਛਲੇ ਹਫਤੇ ਹੀ ਰਾਜ ਨੇ ਕਿਹਾ ਸੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਬੈਂਗਲੁਰੂ ਤੋਂ ਮੱਧ ਸੰਸਦੀ ਸੀਟ ‘ਤੇ ਮੈਦਾਨ ‘ਚ ਉੱਤਰਣਗੇ। ਬੈਠਕ ਤੋਂ ਬਾਅਦ ਪ੍ਰਕਾਸ਼ ਰਾਜ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦਾ ਮੇਰੇ ਰਾਜਨੀਤਕ ਸਫ਼ਰ ‘ਚ ਸਾਥ ਦੇਣ ਲਈ ਧੰਨਵਾਦ। ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਭ ਚੰਗੇ ਲੋਕਾਂ ਨੂੰ ਰਾਜਨੀਤੀ ‘ਚ ਆਉਣਾ ਚਾਹੀਦਾ ਹੈ। ਰਾਜ ਵੀ ਆਪਣੀ ਦੋਸਤ ਤੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਮਰਡਰ ‘ਚ ਇਨਸਾਫ ਮੰਗਣ ਵਾਲੇ ਲੋਕਾਂ ‘ਚ ਸ਼ਾਮਲ ਰਹੇ ਹਨ।