ਕੋਲਕਾਤਾ: ਪੱਛਮੀ ਬੰਗਾਲ ’ਚ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਦੇ ਰੋਡ ਸ਼ੋਅ ਕਾਰਨ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪਾਰਟੀ ਵਿੱਚ ਭਾਜੜਾਂ ਮਚ ਗਈਆਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਚੋਣ ਰਣਨੀਤਕਾਰ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੂੰ ਲੈ ਕੇ ਵੱਡਾ ਦਾਅਵਾ ਕਰਦਿਆਂ ਹੈ ਕਿ ਪ੍ਰਸ਼ਾਂਤ ਕਿਸ਼ੋਰ ਮੁਤਾਬਕ ਅਮਿਤ ਸ਼ਾਹ ਦਾ ਬੰਗਾਲ ਦੌਰਾਨ ਅਸਲ ਵਿੱਚ ਮੀਡੀਆ ਦਾ ਬਣਾਇਆ ਹੋਇਆ ਅਕਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ 10 ਸੀਟਾਂ ਵੀ ਨਹੀਂ ਮਿਲਣੀਆਂ।

ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਟਵੀਟ ’ਚ ਇਹ ਵੀ ਕਿਹਾ ਹੈ ਕਿ ਜੇ ਚੋਣਾਂ ’ਚ ਭਾਜਪਾ ਨੂੰ ਵੱਧ ਸੀਟਾਂ ਮਿਲ ਗਈਆਂ, ਤਾਂ ਉਹ ਇਹ ਕੰਮ ਕਰਨਾ ਸਦਾ ਲਈ ਛੱਡ ਦੇਣਗੇ। ਪ੍ਰਸ਼ਾਂਤ ਕਿਸ਼ੋਰ ਦਾ ਇਹ ਬਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੰਗਾਲ ਦੌਰੇ ਦੇ ਦੋ ਦਿਨਾਂ ਬਾਅਦ ਆਇਆ ਹੈ। ਕੱਲ੍ਹ ਆਪਣੇ ਦੌਰੇ ਦੇ ਆਖ਼ਰੀ ਦਿਨ ਅਮਿਤ ਸ਼ਾਹ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਆਖਿਆ ਸੀ ਕਿ ਵਿਧਾਨ ਸਭਾ ਚੋਣਾਂ ਤੱਕ ਮਮਤਾ ਬੈਨਰਜੀ ਇਕੱਲੇ ਰਹਿ ਜਾਣਗੇ। ਉਨ੍ਹਾਂ ਭਾਜਪਾ ਨੂੰ ਸੱਤਾ ਮਿਲਣ ’ਤੇ ਪੰਜ ਸਾਲਾਂ ਅੰਦਰ ‘ਸੋਨਾਰ ਬਾਂਗਲਾ’ ਭਾਵ ‘ਸੋਨੇ ਜਿਹਾ ਬੰਗਾਲ’ ਬਣਾਉਣ ਦੀ ਗੱਲ ਆਖੀ ਸੀ।

ਤ੍ਰਿਣਮੂਲ ਕਾਂਗਰਸ ਵਿੱਚ ਬਾਗ਼ੀ ਸੁਰਾਂ ਲਈ ਅਸਲ ਵਿੱਚ ਪ੍ਰਸ਼ਾਂਤ ਕਿਸ਼ੋਰ ਨੂੰ ਹੀ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਨਾਰਾਜ਼ ਪਾਰਟੀ ਆਗੂਆਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਤੇ ਉਨ੍ਹਾਂ ਦੀ ਕੰਪਨੀ ‘ਆਈਪੈਕ’ ਪਾਰਟੀ ਨੂੰ ਕਾਰਪੋਰੇਟ ਅੰਦਾਜ਼ ਵਿੱਚ ਚਲਾ ਰਹੇ ਹਨ; ਜੋ ਬੰਗਾਲ ਦੇ ਸਿਆਸੀ ਰੁਝਾਨ ਦੇ ਉਲਟ ਹੈ। ਹਾਵੜਾ ਦੇ ਸ਼ਿਵਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਜਟੂ ਲਾਹਿੜੀ ਨੇ ਪ੍ਰਸ਼ਾਂਤ ਕਿਸ਼ੋਰ ਵਿਰੁੱਧ ਮੋਰਚਾ ਖੋਲ੍ਹਦਿਆਂ ਕਿਹਾ ਹੈ ਕਿ ਉਹ ‘ਕਿਰਾਏ ਉੱਤੇ ਪਾਰਟੀ ਚਲਾਉਣ ਆਏ ਹਨ।’