ਸਾਬਕਾ ਪ੍ਰਧਾਨ ਮੰਤਰੀ ਨੂੰ ਯਾਦ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਦੇ ਕਈ ਨੇਤਾਵਾਂ ਨੇ ਸ਼ਰਧਾਂਜਲੀ ਭੇਂਟ ਕੀਤੀ। ਸਰਕਾਰ ਦੇ ਕਈ ਮੰਤਰੀ ਮਰਹੂਮ ਪ੍ਰਧਾਨ ਮੰਤਰੀ ਵਾਜਪਾਈ ਨੂੰ ਟਵਿਟਰ ਰਾਹੀਂ ਸ਼ਰਧਾਂਜਲੀ ਦੇ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ 'ਚ ਲਿਖਿਆ, ''ਪੂਜਨੀਕ ਅਟਲ ਜੀ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਮਾਂ ਭਾਰਤੀ ਦੀ ਸ਼ਾਨ ਨੂੰ ਬਹਾਲ ਕਰਨ ਲਈ ਖਰਚ ਕੀਤਾ। ਉਹਨਾਂ ਨੇ ਭਾਰਤੀ ਰਾਜਨੀਤੀ ਵਿੱਚ ਗਰੀਬ ਕਲਿਆਣ ਅਤੇ ਚੰਗੇ ਸ਼ਾਸਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਅਤੇ ਵਿਸ਼ਵ ਨੂੰ ਭਾਰਤ ਦੀ ਹਿੰਮਤ ਅਤੇ ਤਾਕਤ ਦਾ ਅਹਿਸਾਸ ਵੀ ਕਰਵਾਇਆ। ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ''ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਜੀ ਦੀ ਬਰਸੀ 'ਤੇ ਮੈਂ ਉਨ੍ਹਾਂ ਨੂੰ ਯਾਦ ਕਰਕੇ ਨਮਨ ਕਰਦਾ ਹਾਂ। ਦੇਸ਼ ਨੂੰ ਵਿਕਾਸ ਅਤੇ ਸੁਸ਼ਾਸਨ ਦਾ ਮੰਤਰ ਦੇਣ ਵਾਲੇ ਅਟਲ ਜੀ ਦਾ ਸਮੁੱਚਾ ਜੀਵਨ ਉਨ੍ਹਾਂ ਦੀ ਸ਼ਖਸੀਅਤ ਦੀ ਗਹਿਰਾਈ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਦੀ ਉਚਾਈ ਦਾ ਪ੍ਰਤੀਬਿੰਬ ਹੈ। ਭਾਰਤ ਦੀ ਵਿਕਾਸ ਯਾਤਰਾ ਵਿੱਚ ਉਨ੍ਹਾਂ ਦਾ ਯੋਗਦਾਨ ਅਭੁੱਲ ਹੈ।
ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ
ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹ ਭਾਰਤੀ ਜਨਤਾ ਪਾਰਟੀ ਦੇ ਸਹਿ-ਸੰਸਥਾਪਕ ਵੀ ਸਨ। ਉਹ ਭਾਰਤ ਦੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ। ਹਾਲਾਂਕਿ, ਇਕ ਵਾਰ ਉਹ ਸਿਰਫ 13 ਦਿਨਾਂ ਲਈ ਅਤੇ ਦੂਜੀ ਵਾਰ 13 ਮਹੀਨਿਆਂ ਲਈ ਪ੍ਰਧਾਨ ਮੰਤਰੀ ਬਣੇ। 27 ਮਾਰਚ 2015 ਨੂੰ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।