ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਨੂੰ ਲੈ ਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਇੱਕ ਵਾਰ ਫਿਰ ਕੋਰੋਨਾ ਦੇ ਵਧਦੇ ਮਾਮਲਿਆਂ ਬਾਰੇ ਚੇਤਾਵਨੀ ਦਿੱਤੀ ਤੇ ਚੌਕਸ ਰਹਿਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ 6 ਤੋਂ 12 ਸਾਲ ਤੱਕ ਦੇ ਬੱਚਿਆਂ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਦੇ ਬਾਵਜੂਦ ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਵਧੇ ਹਨ। ਇਸ ਲਈ ਇਸ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ।
ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਟੀਕਾ ਉਪਲਬਧ ਕਰਵਾਇਆ ਗਿਆ। ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹ ਹਨ, ਜਿਸ ਤੋਂ ਬਾਅਦ ਕੋਰੋਨਾ ਦੇ ਮਾਮਲੇ ਵਧੇ ਹਨ। ਬੱਚਿਆਂ ਵਿੱਚ ਕੋਰੋਨਾ ਦੇ ਕੇਸ ਆ ਰਹੇ ਹਨ ਪਰ ਹੁਣ ਬੱਚੇ ਵੀ ਵੈਕਸੀਨ ਲਵਾ ਰਹੇ ਹਨ। ਸਾਰੇ ਯੋਗ ਬੱਚਿਆਂ ਨੂੰ ਟੀਕੇ ਲਵਾਉਣਾ ਸਾਡੀ ਪਹਿਲ ਹੈ, ਜਿਸ ਲਈ ਸਾਨੂੰ ਸਕੂਲ ਤੱਕ ਡਰਾਈਵ ਚਲਾਉਣੀ ਪਵੇਗੀ। ਅਧਿਆਪਕਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਲਈ ਤਿਆਰ ਰਹਿਣਾ ਹੋਵੇਗਾ।