ਚੰਡੀਗੜ੍ਹ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੁੰਬਈ ਕ੍ਰਿਕੇਟ ਐਸੋਸੀਏਸ਼ਨ ਕੋਲ ਰਜਿਸਟਰਡ ਪ੍ਰਿਥਵੀ ਸ਼ਾਅ ਸਮੇਤ ਤਿੰਨ ਖਿਡਾਰੀਆਂ ਨੂੰ ਡੋਪਿੰਗ ਉਲੰਘਣਾ ਲਈ ਮੁਅੱਤਲ ਕਰ ਦਿੱਤਾ ਹੈ। ਸ਼ਾਅ ਨੇ ਅਣਜਾਣੇ ਵਿੱਚ ਇੱਕ ਪ੍ਰਤੀਬੰਧਿਤ ਪਦਾਰਥ ਪੀ ਲਿਆ ਸੀ ਜੋ ਆਮ ਤੌਰ 'ਤੇ ਖੰਘ ਦੀ ਦਵਾਈ ਵਿੱਚ ਪਾਇਆ ਜਾਂਦਾ ਹੈ। ਖਿਡਾਰੀਆਂ ਨੂੰ 8 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ। ਉਹ 15 ਨਵੰਬਰ ਤਕ ਮੁਅੱਤਲ ਰਹਿਣਗੇ।


ਬੀਸੀਸੀਆਈ ਨੇ ਕਿਹਾ ਕਿ ਪ੍ਰਿਥਵੀ ਸ਼ਾਅ ਨੇ ਇੰਦੌਰ ਵਿੱਚ 22 ਫਰਵਰੀ 2019 ਨੂੰ ਸਈਅਦ ਮੁਸ਼ਤਾਕ ਅਲੀ ਟ੍ਰਾਫੀ ਮੌਚ ਦੌਰਾਨ ਬੀਸੀਸੀਆਈ ਦੇ ਡੋਪਿੰਗ ਰੋਧੀ ਪਰੀਖਣ ਪ੍ਰੋਗਰਾਮ ਦੌਰਾਨ ਯੂਰੀਨ ਸੈਂਪਲ ਦਿੱਤਾ ਸੀ। ਉਸ ਦੇ ਨਮੂਨੇ ਵਿੱਚ 'ਟਰਬਿਊਟਲਾਈਟ' ਪਦਾਰਥ ਦੀ ਮਾਤਰਾ ਪਾਈ ਗਈ ਹੈ। ਇਹ ਪਦਾਰਥ ਵਿਸ਼ਵ ਡੋਪਿੰਗ ਰੋਧੀ ਏਜੰਸੀ (ਵਾਡਾ) ਦੀਆਂ ਵਿਰਜਿਤ ਦਵਾਈਆਂ ਦੀ ਲਿਸਟ ਵਿੱਚ ਸ਼ਾਮਲ ਹੈ।


ਪ੍ਰਿਥਵੀ ਸ਼ਾਅ ਦੇ ਇਲਾਵਾ ਘਰੇਲੂ ਕ੍ਰਿਕੇਟ ਵਿੱਚ ਰਾਜਸਥਾਨ ਲਈ ਖੇਡਣ ਵਾਲੇ ਦਿਵਿਆ ਗਜਰਾਜ ਤੇ ਵਿਦਰਭਾ ਲਈ ਖੇਡਣ ਵਾਲੇ ਅਕਸ਼ੇ ਡੁਲਰਵਾਰ ਨੂੰ ਵੀ 8 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ।