Liquor shops in Delhi: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੱਲ੍ਹ ਤੋਂ ਸ਼ਰਾਬ ਦੇ ਪ੍ਰਾਈਵੇਟ ਠੇਕੇ ਬੰਦ ਹੋ ਜਾਣਗੇ। ਇਨ੍ਹਾਂ ਦੀ ਥਾ ਹੁਣ 'ਆਪ' ਸਰਕਾਰ ਖੁਦ ਸ਼ਰਾਬ ਵੇਚੇਗੀ।  ਵੀਰਵਾਰ ਤੋਂ ਦਿੱਲੀ ਸਰਕਾਰ ਦੇ 300 ਤੋਂ ਵੱਧ ਵਿਕਰੀ ਕੇਂਦਰ ਨਿੱਜੀ ਸ਼ਰਾਬ ਦੇ ਠੇਕਿਆਂ ਦੀ ਥਾਂ ਲੈਣਗੇ। ਆਬਕਾਰੀ ਨੀਤੀ 2021-22 ਦੀ ਬਜਾਏ ਹੁਣ ਪੁਰਾਣੀ ਪ੍ਰਣਾਲੀ ਨੂੰ ਬਹਾਲ ਕੀਤਾ ਜਾ ਰਿਹਾ ਹੈ ਤੇ ਇਹ ਬਦਲਾਅ ਵੀਰਵਾਰ ਤੋਂ ਲਾਗੂ ਹੋ ਜਾਵੇਗਾ। 


ਦੱਸ ਦਈਏ ਕਿ ਦਿੱਲੀ ਵਿੱਚ ਇਸ ਸਮੇਂ 250 ਨਿੱਜੀ ਸ਼ਰਾਬ ਠੇਕੇ ਹਨ, ਜਿਨ੍ਹਾਂ ਨੂੰ ਹੁਣ ਵਾਪਸ ਲਈ ਗਈ ਆਬਕਾਰੀ ਨੀਤੀ 2021-22 ਤਹਿਤ ਲਾਇਸੈਂਸ ਦਿੱਤੇ ਗਏ ਸਨ। ਆਬਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਹੋਰ ਠੇਕੇ ਖੁੱਲ੍ਹਣ ਨਾਲ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸ਼ਰਾਬ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ।


ਇਸ ਦੀ ਪੁਸ਼ਟੀ ਕਰਦਿਆਂ ਦਿੱਲੀ ਦੇ ਸੀਨੀਅਰ ਆਬਕਾਰੀ ਅਧਿਕਾਰੀ ਨੇ ਕਿਹਾ, “ਇਸ ਸਮੇਂ ਲਗਪਗ 250 ਪ੍ਰਾਈਵੇਟ ਠੇਕੇ ਹਨ, ਜਿਨ੍ਹਾਂ ਦੀ ਥਾਂ 300 ਤੋਂ ਵੱਧ ਸਰਕਾਰੀ ਦੁਕਾਨਾਂ ਲੈਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਠੇਕਿਆਂ ਦੀ ਗਿਣਤੀ ਵਧੇਗੀ ਕਿਉਂਕਿ ਦਿੱਲੀ ਸਰਕਾਰ ਵੱਲੋਂ ਅਜਿਹੀਆਂ 500 ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ।



ਦੱਸ ਦਈਏ ਕਿ ਸ਼ਰਾਬ ਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਵਾਦ ਵਿੱਚ ਘਿਰ ਗਈ ਹੈ। ਇਸ ਨੂੰ ਲੈ ਕੇ ਡਿਪਟੀ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਖਿਲਾਫ ਸੀਬੀਆਈ ਜਾਂਚ ਚੱਲ ਰਹੀ ਹੈ। ਬੀਜੇਪੀ ਸਣੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ਰਾਬ ਨੀਤੀ ਰਾਹੀਂ ਵੱਡਾ ਘਪਲਾ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਬੀਜੇਪੀ ਇਹ ਸਭ ਉਨ੍ਹਾਂ ਦੀ ਸਰਕਾਰ ਡੇਗਣ ਲਈ ਕਰ ਰਹੀ ਹੈ। 



ਇਸ ਬਾਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਚੋਣਾਂ ਵਿੱਚ ਮੈਨੂੰ ਅੱਤਵਾਦੀ ਕਿਹਾ ਗਿਆ, ਜਦੋਂ ਜਨਤਾ ਹੱਸਣ ਲੱਗੀ ਤਾਂ ਕੁਮਾਰ ਵਿਸ਼ਵਾਸ ਨੂੰ ਅੱਗੇ ਕਰ ਦਿੱਤਾ ਗਿਆ। ਹੁਣ ਉਹ ਕਹਿ ਰਹੇ ਹਨ ਕਿ ਸ਼ਰਾਬ ਨੀਤੀ ਵਿੱਚ ਘਪਲਾ ਹੋਇਆ। ਸੀਬੀਆਈ ਨੇ ਕਿਹਾ- ਕੋਈ ਘਪਲਾ ਨਹੀਂ ਹੋਇਆ ਤਾਂ ਅੰਨਾ ਹਜ਼ਾਰੇ ਦੇ ਮੋਢੇ 'ਤੇ ਬੰਦੂਕ ਰੱਖ ਕੇ ਚਲਾ ਰਹੇ ਹਨ। ਉਹ 20-20 ਕਰੋੜ ਵਿੱਚ MLA ਨੂੰ ਖਰੀਦਣਾ ਚਾਹੁੰਦੇ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।