ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਬਾਅਦ ਜਾਫਰਾਬਾਦ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਸ਼ਨੀਵਾਰ ਰਾਤ ਨੂੰ ਤਕਰੀਬਨ 500 ਲੋਕ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਨੇੜੇ ਇਕੱਠੇ ਹੋਏ, ਜਿਸ ਨੇ ਇਕ ਮੁੱਖ ਰਸਤਾ ਬੰਦ ਕਰ ਦਿੱਤਾ। ਮੈਟਰੋ ਸਟੇਸ਼ਨ ਨੇੜੇ ਇਕੱਠੇ ਹੋਏ ਜ਼ਿਆਦਾਤਰ ਲੋਕਾਂ 'ਚ ਔਰਤਾਂ ਸਨ।


ਇਸ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਐਤਵਾਰ ਸਵੇਰੇ ਉੱਤਰ ਪੂਰਬੀ ਦਿੱਲੀ ਦੇ ਜਾਫਰਾਬਾਦ ਸਟੇਸ਼ਨ ਦੇ ਦਾਖਲੇ ਅਤੇ ਬਾਹਰ ਜਾਣ ਦੇ ਰਸਤੇ ਬੰਦ ਕਰ ਦਿੱਤਾ ਹੈ। ਇੱਕ ਟਵੀਟ ਵਿੱਚ, ਡੀਐਮਆਰਸੀ ਨੇ ਇਹ ਵੀ ਕਿਹਾ ਕਿ ਇਸ ਸਟੇਸ਼ਨ ਤੇ ਮੈਟਰੋ ਨਹੀਂ ਰੁਕੇਗੀ।


ਦਿੱਲੀ ਪੁਲਿਸ ਨੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਆਸਪਾਸ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਹੈ। ਇਹ ਵਿਰੋਧ ਔਰਤਾਂ ਸੀਏਏ ਦੇ ਖਿਲਾਫ ਕਰ ਰਹੀਆਂ ਹਨ। ਇਸ ਲਈ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵੀ ਵੱਡੀ ਗਿਣਤੀ 'ਚ ਤੈਨਾਤ ਕੀਤਾ ਗਿਆ ਹੈ। ਸ਼ਨੀਵਾਰ ਰਾਤ ਤੋਂ ਹੀ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ।


ਔਰਤਾਂ ਨੇ ਸੜਕ ਨੰਬਰ 66 ਰੋਕ ਦਿੱਤੀ ਹੈ ਜੋ ਕਿ ਸੀਲਮਪੁਰ ਨੂੰ ਮੌਜਪੁਰ ਅਤੇ ਯਮੁਨਾ ਵਿਹਾਰ ਨਾਲ ਜੋੜਦੀ ਹੈ। ਸੀਏਏ ਖਿਲਾਫ ਇੱਕ ਹੋਰ ਵਿਰੋਧ ਪਹਿਲਾਂ ਹੀ ਸੀਲਮਪੁਰ ਰੋਡ ਅਤੇ ਕਰਦਮਪੁਰੀ ਦੇ ਨੇੜੇ ਚੱਲ ਰਿਹਾ ਹੈ।