ਰਵੀ ਇੰਦਰ ਸਿੰਘ
ਚੰਡੀਗੜ੍ਹ: ਮੱਧ ਪ੍ਰਦੇਸ਼ ਵਿੱਚ ਸਰਕਾਰ ਦੀ ਵਾਗਡੋਰ ਸੰਭਾਲਣ ਲਈ ਕਾਂਗਰਸ ਕਮਲਨਾਥ ਦੇ ਨਾਂ 'ਤੇ ਵਿਚਾਰ ਕਰ ਰਹੀ ਹੈ ਪਰ ਪਾਰਟੀ ਦੇ ਇਸ ਕਦਮ ਦਾ ਪੰਜਾਬ ਤੋਂ ਸਖ਼ਤ ਵਿਰੋਧ ਜਤਾਇਆ ਜਾ ਰਿਹਾ ਹੈ। ਕਮਲਨਾਥ ਦਾ ਨਾਂ 1984 ਸਿੱਖ ਕਤਲੇਆਮ ਵਿੱਚ ਉੱਭਰਿਆ ਸੀ। ਉੱਧਰ, ਸੂਬੇ ਵਿੱਚ ਸੱਤਾ 'ਚ ਕਾਬਜ਼ ਕਾਂਗਰਸ ਪਾਰਟੀ ਦੇ ਮੰਤਰੀਆਂ ਨੇ ਵਿਰੋਧੀਆਂ ਦੀ ਇਸ ਮੰਗ 'ਤੇ ਉਨ੍ਹਾਂ ਉੱਪਰ ਹੀ ਸਵਾਲ ਚੁੱਕੇ ਹਨ।
ਆਮ ਆਦਮੀ ਪਾਰਟੀ ਨੇ ਕਮਲ ਨਾਥ ਸਿਰ ਕਾਂਗਰਸ ਵੱਲੋਂ 'ਮੁੱਖ ਮੰਤਰੀ ਦਾ ਤਾਜ' ਰੱਖੇ ਜਾਣ ਦੀ ਤਿਆਰੀ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸ ਨੂੰ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਭੁੱਕਣ ਵਾਂਗ ਕਰਾਰ ਦਿੱਤਾ ਹੈ। 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਮਲ ਨਾਥ 1984 ਦੇ ਸਿੱਖ ਕਤਲੇਆਮ 'ਚ ਸ਼ਾਮਲ ਸੀ ਤੇ ਨਾਨਾਵਤੀ ਕਮਿਸ਼ਨ ਸਮੇਤ ਮੀਡੀਆ ਤੇ ਦੋ ਨਿਆਂਇਕ ਜਾਂਚ 'ਚ ਕਮਲ ਨਾਥ ਦੀ ਸਪਸ਼ਟ ਸ਼ਮੂਲੀਅਤ ਤੱਥਾਂ-ਸਬੂਤਾਂ ਸਹਿਤ ਸਾਹਮਣੇ ਆਈ ਹੈ। ਚੀਮਾ ਨੇ ਕਿਹਾ ਕਿ ਨਾ ਕਾਂਗਰਸ ਤੇ ਨਾ ਹੀ ਭਾਜਪਾ ਸਰਕਾਰ ਨੇ ਕਮਲ ਨਾਥ ਨੂੰ ਹੱਥ ਪਾਉਣ ਹਿੰਮਤ ਦਿਖਾਈ, ਉਲਟਾ ਕਾਂਗਰਸ ਨੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਾਂਗ ਕਮਲ ਨਾਥ ਨੂੰ ਵੱਡੇ-ਵੱਡੇ ਰੁਤਬਿਆਂ ਨਾਲ ਨਿਵਾਜਿਆ।
ਚੀਮਾ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਰਿਪੋਰਟ 'ਚ ਸਪਸ਼ਟ ਦਰਜ਼ ਹੈ ਕਿ ਪਹਿਲੀ ਨਵੰਬਰ 1984 ਨੂੰ ਕਮਲ ਨਾਥ ਉਸ 4,000 ਲੋਕਾਂ ਦੀ ਹਮਲਾਵਰ ਭੀੜ ਦੀ ਅਗਵਾਈ ਕਰ ਰਿਹਾ ਸੀ, ਜਿਸ ਨੇ ਗੁਰਦੁਆਰਾ ਸ੍ਰੀ ਰਕਾਬਗੰਜ 'ਤੇ ਹਮਲਾ ਕਰ ਕੇ ਸਾੜ ਫੂਕ ਕੀਤੀ ਅਤੇ ਨਿਰਦੋਸ਼ ਲੋਕਾਂ ਦੀ ਜਾਨ ਲਈ।
ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਦਾ ਤਿੱਖਾ ਵਿਰੋਧ ਕੀਤਾ ਹੈ। ਕਮਲਨਾਥ 1984 ਕਤਲੇਆਮ 'ਚ ਸ਼ਾਮਲ ਸੀ ਤੇ ਕਾਗਰਸ ਉਨ੍ਹਾਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਲੋਕਾਂ ਨੂੰ ਠੱਗ ਲਿਆ ਹੈ। ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਦੂਜੇ ਸੂਬਿਆਂ ਵਿੱਚ ਜਾ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਪੰਜਾਬ ਆ ਕੇ ਦੇਖਣ ਕਿਸਾਨਾਂ ਦਾ ਕੀ ਹਾਲ ਹੈ ਅਤੇ ਸਰਕਾਰ ਆਮ ਲੋਕਾਂ 'ਤੇ ਟੈਕਸਾਂ ਦਾ ਕਿੰਨਾ ਬੋਝ ਪਾ ਰਹੀ ਹੈ।
ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਸਵਾਲਾਂ 'ਤੇ ਕਾਂਗਰਸ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੀ ਪਾਰਟੀ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ 'ਚ ਮੁਸਲਮਾਨ ਮਾਰੇ ਗਏ ਅਤੇ ਉਨ੍ਹਾਂ ਨੂੰ ਮਾਰਨ ਵਾਲਾ ਪੀਐਮ ਬਣ ਗਿਆ ਅਤੇ ਅਕਾਲੀ ਦਲ ਨੇ ਉਨ੍ਹਾਂ ਨਾਲ ਭਾਈਵਾਲੀ ਕੀਤੀ ਹੋਈ ਹੈ। ਬਾਜਵਾ ਨੇ ਕਿਹਾ ਕਿ ਤਰਨਤਾਰਨ ਦੇ ਹਿੰਦੂਆਂ ਨੂੰ ਮਾਰਨ ਵਾਲਾ ਵਿਧਾਨ ਸਭਾ 'ਚ ਕਹਿੰਦਾ ਹੈ ਮੈਂ ਅੱਤਵਾਦੀ ਹਾਂ ਤੇ ਸੁਖਬੀਰ ਬਾਦਲ ਨੇ ਉਸ ਨੂੰ ਸੈਕਟਰੀ ਬਣਾ ਕੇ ਰੱਖਿਆ ਹੋਇਆ। ਬਾਜਵਾ ਨੇ ਅਕਾਲੀਆਂ ਚੈਲੰਜ ਕੀਤਾ ਕਿ ਹਰਸਿਮਰਤ ਕੌਰ ਮੋਦੀ ਦੀ ਕੁਰਸੀ ਛੱਡ ਕੇ ਆਵੇ ਅਤੇ ਫਿਰ ਆ ਕੇ ਕਮਲ ਨਾਥ ਬਾਰੇ ਗੱਲ ਕਰਨ।