Punjabi Dhaba Owner Arrest: ਅਸਮ ਪੁਲਿਸ ਨੇ ਪੰਜਾਬ ਦੇ ਇੱਕ ਢਾਬਾ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਰਮੁਖ ਸਿੰਘ ਮੂਲ ਰੂਪ ਵਿਚ ਤਰਨਤਾਰਨ ਦਾ ਰਹਿਣ ਵਾਲਾ ਹੈ, ਜੋ ਕਿ ਕੋਰੋਨਾ ਦੇ ਬਾਅਦ ਤੋਂ ਅਸਾਮ ਦੇ ਹਾਈਵੇ 'ਤੇ ਢਾਬਾ ਚਲਾ ਰਿਹਾ ਸੀ। ਪੁਲਿਸ ਦਾ ਦੋਸ਼ ਹੈ ਕਿ ਉਸ ਕੋਲੋਂ ਖਾਲਿਸਤਾਨ ਸਮਰਥਕ ਸਮੱਗਰੀ ਮਿਲੀ ਹੈ। ਭਾਜਪਾ ਯੂਥ ਵਿੰਗ ਦੇ ਮੈਂਬਰਾਂ ਨੇ ਢਾਬੇ 'ਤੇ ਲਗਾਏ ਗਏ ਪੋਸਟਰ 'ਤੇ ਇਤਰਾਜ਼ ਉਠਾਇਆ ਅਤੇ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ।


ਅਸਾਮ ਪੁਲਿਸ ਨੇ ਇਹ ਕਾਰਵਾਈ ਗੁਹਾਟੀ ਦੇ ਬੋਂਗਾਈਗਾਂਵ ਜ਼ਿਲ੍ਹੇ ਵਿੱਚ ਕੀਤੀ ਹੈ। ਪੁਲਿਸ ਨੇ ਗੁਰਮੁਖ ਸਿੰਘ ਨੂੰ ਪਾਬੰਦੀਸ਼ੁਦਾ ਖਾਲਿਸਤਾਨੀ ਲਹਿਰ ਨਾਲ ਜੁੜੇ ਹੋਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਹੈ। ਬੋਂਗਈਗਾਓਂ ਦੇ ਐਸਪੀ ਮੋਹਨ ਲਾਲ ਮੀਨਾ ਨੇ ਕਿਹਾ ਹੈ ਕਿ ਸ਼ੱਕੀ ਵਿਅਕਤੀ ਨੇ ਆਪਣੇ ਢਾਬੇ ਵਿੱਚ ਖਾਲਿਸਤਾਨੀ ਵਿਚਾਰਧਾਰਕ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਵਿਵਾਦਪੂਰਨ ਪੋਸਟਰ ਖੁੱਲ੍ਹੇਆਮ ਪ੍ਰਦਰਸ਼ਿਤ ਕੀਤੇ ਸਨ। ਇਹ ਢਾਬਾ ਨੈਸ਼ਨਲ ਹਾਈਵੇ-27 ਦੇ ਨਾਲ ਗੇਰੂਕਾਬਾੜੀ ਚੌਕੀ ਨੇੜੇ ਸਥਿਤ ਹੈ।




ਅਸਾਮ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਿੰਡਰਾਂਵਾਲੇ ਦੇ ਪੋਸਟਰ ਦੇ ਨਾਲ ਖਾਲਿਸਤਾਨੀ ਨਿਸ਼ਾਨ ਵਾਲਾ ਝੰਡਾ ਵੀ ਲਗਾਇਆ ਗਿਆ ਸੀ। ਉਸ ਨੇ ਇਹ ਪੋਸਟਰ ਢਾਬੇ ਦੇ ਬਾਹਰ ਲਗਾਇਆ ਹੋਇਆ ਸੀ। ਫਿਲਹਾਲ ਪੁਲਿਸ ਇਨ੍ਹਾਂ ਸਮੱਗਰੀਆਂ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਉਕਤ ਵਿਅਕਤੀ ਦੀ ਦੁਕਾਨ ਤੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵੀ ਮਿਲੀਆਂ ਹਨ।


 
ਗੁਰਮੁਖ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਗੁਰਮੁਖ ਸਿੰਘ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਹੈ ਕਿ ਉਸ ਨੂੰ ਇਹ ਸਮੱਗਰੀ ਪਾਕਿਸਤਾਨ ਤੋਂ ਆਏ ਕੁਝ ਟਰੱਕ ਡਰਾਈਵਰਾਂ ਤੋਂ ਮਿਲੀ ਸੀ। ਢਾਬਾ ਮਾਲਕ ਨੇ ਦੱਸਿਆ ਕਿ ਪਹਿਲਾਂ ਉਹ ਖੁਦ ਡਰਾਈਵਰ ਸੀ। ਪਰ ਕੋਵਿਡ-19 ਮਹਾਂਮਾਰੀ ਕਾਰਨ ਉਸ ਨੂੰ ਗੱਡੀ ਚਲਾਉਣੀ ਛੱਡਣੀ ਪਈ। ਇਸ ਤੋਂ ਬਾਅਦ ਉਹ ਢਾਬਾ ਚਲਾਉਣ ਲੱਗਾ।


ਐਸਪੀ ਮੀਨਾ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਗੁਰਮੁਖ ਸਿੰਘ ਨੇ ਟਰੱਕ ਡਰਾਈਵਰਾਂ ਨੂੰ ਭਰਮਾਉਣ ਲਈ ਆਪਣੇ ਢਾਬੇ ਦੇ ਅਹਾਤੇ ਵਿੱਚ ਅਜਿਹੇ ਪੋਸਟਰ ਲਗਾਏ ਸਨ। ਦਰਅਸਲ ਇੱਥੇ ਆਉਣ ਵਾਲੇ ਜ਼ਿਆਦਾਤਰ ਡਰਾਈਵਰ ਪੰਜਾਬ ਦੇ ਹਨ। ਇਸ ਲਈ ਅਜਿਹੀ ਵਿਵਾਦਪੂਰਨ ਸਮੱਗਰੀ ਨੂੰ ਜਨਤਕ ਤੌਰ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ।