Raghav Chadha News : ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਮੈਨੂੰ ਰਾਜ ਸਭਾ ਤੋਂ ਕਿਉਂ ਸਸਪੈਂਡ ਕੀਤਾ ਗਿਆ ਹੈ। ਕੀ ਮੇਰਾ ਇਹ ਅਪਰਾਧ ਕਿ ਮੈਂ ਰਾਜ ਸਭਾ 'ਚ ਖੜੇ ਹੋ ਕੇ ਬੀਜੇਪੀ ਦੇ ਬਿਲ ਖਿਲਾਫ਼ ਆਵਾਜ਼ ਚੁੱਕੀ ਹੈ। 

 

ਇਨ੍ਹਾਂ ਨੂੰ ਕਿਉਂ ਇਹ ਡਰ ਸਤਾਉਂਦਾ ਹੈ ਕਿ 34 ਸਾਲ ਦਾ ਇੱਕ ਨੌਜਵਾਨ ਸੰਸਦ 'ਚ ਇਨ੍ਹਾਂ ਨੂੰ ਲਲਕਾਰਦਾ ਹੈ। ਇਹ ਸ਼ਕਤੀਸ਼ਾਲੀ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਸੰਸਦ 'ਚ ਵਿਰੋਧੀ ਧਿਰ ਦੇ ਲੀਡਰਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਪਹਿਲੀ ਵਾਰ ਲੋਕ ਸਭਾ 'ਚ ਦੇਖਿਆ ਗਿਆ ਹੈ। ਇਹ ਚਾਹੁੰਦੇ ਹਨ ਕਿ ਕੋਈ ਵੀ ਇਨ੍ਹਾਂ ਖਿਲਾਫ਼ ਆਵਾਜ਼ ਨਾ ਚੁੱਕੇ। ਮੈਂ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ ਆਪਣਾ ਪੱਖ ਰੱਖਾਂਗਾ। 

 

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 'ਆਪ' ਦੇ ਇੱਕ ਹੋਰ ਸੰਸਦ ਮੈਂਬਰ ਸੰਜੇ ਸਿੰਘ ਦੀਆਂ ਮੁਸ਼ਕਿਲਾਂ ਵੀ ਘੱਟ ਨਹੀਂ ਹੋਈਆਂ ਹਨ। ਉਸ ਦੀ ਮੁਅੱਤਲੀ ਵੀ ਵਧਾ ਦਿੱਤੀ ਗਈ ਹੈ। 'ਆਪ' ਦੇ ਦੋਵੇਂ ਆਗੂਆਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੇ ਫੈਸਲੇ ਤੱਕ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਘਵ 'ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ।

ਦੱਸ ਦੇਈਏ ਕਿ ਰਾਘਵ ਨੇ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਦੇ ਆਧਾਰ 'ਤੇ ਚੱਢਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ, ਜਦੋਂ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਹੈ ਤਾਂ ਮੀਡੀਆ ਵਿੱਚ ਆਪਣਾ ਬਚਾਅ ਕਰਨਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ।

ਰਾਘਵ 'ਤੇ ਵੀ ਜਾਅਲੀ ਦਸਤਖਤ ਕਰਨ ਦਾ ਇਲਜ਼ਾਮ?

ਪੰਜ ਸੰਸਦ ਮੈਂਬਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਦਿੱਲੀ ਸੇਵਾਵਾਂ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ 'ਤੇ ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਇਹ ਪ੍ਰਸਤਾਵ 'ਆਪ' ਸੰਸਦ ਰਾਘਵ ਚੱਢਾ ਨੇ ਪੇਸ਼ ਕੀਤਾ ਸੀ। ਭਾਜਪਾ ਦੇ ਤਿੰਨ ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ ਇੱਕ ਬੀਜਦ ਤੋਂ ਹੈ ਅਤੇ ਏਆਈਏਡੀਐਮਕੇ ਦਾ ਸੰਸਦ ਮੈਂਬਰ ਵੀ ਸ਼ਾਮਿਲ ਹੈ , ਜਿਨ੍ਹਾਂ ਨੇ ਵਿਰੋਧ ਦਰਜ ਕਰਵਾਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ।

 

ਇਹ ਵਿਵਾਦ ਸਾਹਮਣੇ ਆਉਂਦੇ ਹੀ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਇਸ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਇਨ੍ਹਾਂ ਪੰਜ ਸੰਸਦ ਮੈਂਬਰਾਂ ਵਿੱਚ ਸਸਮਿਤ ਪਾਤਰਾ (ਬੀਜੇਡੀ), ਨਰਹਰੀ ਅਮੀਨ (ਭਾਜਪਾ), ਸੁਧਾਂਸ਼ੂ ਤ੍ਰਿਵੇਦੀ (ਭਾਜਪਾ), ਨਾਗਾਲੈਂਡ ਦੇ ਸੰਸਦ ਮੈਂਬਰ ਫਾਂਗਨੋਨ ਕੋਨਯਕ (ਬੀਜੇਪੀ) ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਥੰਬੀਦੁਰਾਈ ਸ਼ਾਮਲ ਹਨ। ਥੰਬੀਦੁਰਾਈ ਏਆਈਏਡੀਐਮਕੇ ਦੇ ਸੰਸਦ ਮੈਂਬਰ ਹਨ।

 

 ਨੋਟਿਸ ਦਾ ਜਵਾਬ ਦੇਣਗੇ ਰਾਘਵ ਚੱਡਾ

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠ ਦੱਸਿਆ ਹੈ। ਰਾਘਵ ਚੱਢਾ ਨੇ ਕਿਹਾ ਸੀ ਕਿ ਉਹ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਭੇਜੇ ਨੋਟਿਸ ਦਾ ਜਵਾਬ ਦੇਣਗੇ। ਰਾਘਵ ਨੇ ਕਿਹਾ ਕਿ ਉਹ ਭਾਜਪਾ ਦੀਆਂ ਚਾਲਾਂ ਦਾ ਪਰਦਾਫਾਸ਼ ਕਰਨਗੇ, ਜੋ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਅਕਸ ਨੂੰ ਖਰਾਬ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਵਿਰੁੱਧ ਕਾਰਵਾਈ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। 'ਆਪ' ਦਾ ਕਹਿਣਾ ਹੈ ਕਿ ਭਾਜਪਾ ਇਸ ਮੁਹਿੰਮ ਨੂੰ ਨੌਜਵਾਨ ਅਤੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਰਾਘਵ ਚੱਢਾ ਵਿਰੁੱਧ ਸਾਜ਼ਿਸ਼ ਦੇ ਹਿੱਸੇ ਵਜੋਂ ਚਲਾ ਰਹੀ ਹੈ ਤਾਂ ਜੋ ਉਸ ਦੀ ਸਾਖ ਨੂੰ ਖਰਾਬ ਕੀਤਾ ਜਾ ਸਕੇ, ਜਿਸ ਦੀ ਪਾਰਟੀ ਨਿੰਦਾ ਕਰਦੀ ਹੈ। ਇਹ ਇੱਕ ਉਭਰਦੇ ਨੌਜਵਾਨ, ਨਿਡਰ ਅਤੇ ਗਤੀਸ਼ੀਲ ਸੰਸਦ ਮੈਂਬਰ ਵਿਰੁੱਧ ਬੇਬੁਨਿਆਦ ਦੋਸ਼ ਹਨ ਅਤੇ ਉਸ ਦੀ ਸਾਖ ਨੂੰ ਖ਼ਰਾਬ ਕਰਨ ਲਈ ਯੋਜਨਾਬੱਧ ਪ੍ਰਚਾਰ ਹੈ।