ਅੰਬੀਕਾਪੁਰ: ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਸਿਆਸੀ ਦਲ ਇੱਕ-ਦੂਜੇ ਉੱਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਅੰਬੀਕਾਪੁਰ ਵਿੱਚ ਚੋਣ ਸਭਾ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰਾਫੇਲ ਜਹਾਜ਼ ਸਬੰਧੀ ਬਹਿਸ ਕਰਨ ਲਈ ਖੁੱਲ੍ਹਾ ਚੈਲੰਜ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੀਐਮ ਮੋਦੀ ਕੋਲੋਂ ਰਾਫੇਲ ਸੌਦੇ ਵਿੱਚ ਹੋਏ ਕਥਿਤ ਘਪਲੇ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਣਗੇ।

ਰਾਹੁਲ ਗਾਂਧੀ ਨੇ ਕਿਹਾ ਕਿ ਉਹ ਮੋਦੀ ਨੂੰ ਕਿਤੇ ਵੀ ਮੰਚ ’ਤੇ ਆਉਣ ਦੀ ਚੁਣੌਤੀ ਦਿੰਦੇ ਹਨ। ਮੋਦੀ ਕਿਤੇ ਵੀ ਸਿਰਫ 15 ਮਿੰਟ ਲਈ ਬਹਿਸ ਕਰ ਲੈਣ। ਰਾਹੁਲ ਮੋਦੀ ਨਾਲ ਅਨਿਲ ਅੰਬਾਨੀ, ਐਚਏਐਲ, ਫਰਾਂਸੀਸੀ ਰਾਸ਼ਟਰਪਤੀ ਦੇ ਬਿਆਨ ਤੇ ਜਹਾਜ਼ ਦੀ ਕੀਮਤ ਬਾਰੇ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਨੇ ਸਪਸ਼ਟ ਰੂਪ ਨਾਲ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਘਪਲਾ ਕੀਤਾ ਹੈ। ਪੀਐਮ ਨੇ ਕਿਸੇ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ। ਸੀਬੀਆਈ ਨਿਰਦੇਸ਼ਕ ਨੂੰ 2 ਵਜੇ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਣਗੇ।

ਆਪਣੇ ਦਾਅਵੇ ਨੂੰ ਦੁਹਰਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਨੇ ਨੋਟਬੰਦੀ ਅਭਿਆਨ ਤੋਂ ਸਿਰਫ ਕੁਝ ਵਪਾਰੀਆਂ ਦੇ ਦੋਸਤਾਂ ਨੂੰ ਹੀ ਫਾਇਦਾ ਪਹੁੰਚਾਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜੇ ਸੱਤਾ ਵਿੱਚ ਆਈ ਤਾਂ ਸਰਕਾਰੀ ਨੌਕਰੀਆਂ ਦੀਆਂ ਖ਼ਾਲੀ ਆਸਾਮੀਆਂ ਨੂੰ ਭਰਿਆ ਜਾਏਗਾ ਤੇ ਇਨ੍ਹਾਂ ਨੌਕਰੀਆਂ ਦੀ ਆਊਟਸੋਰਸਿੰਗ ਵੀ ਰੋਕ ਦਿੱਤੀ ਜਾਏਗੀ। ਯਾਦ ਰਹੇ ਕਿ 12 ਨਵੰਬਰ ਨੂੰ ਛੱਤੀਸਗੜ੍ਹ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਹੋ ਚੁੱਕੀਆਂ ਹਨ। 20 ਨਵੰਬਰ ਨੂੰ ਦੂਜੇ ਗੇੜ ਦੀਆਂ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਏਗੀ।