Rahul Gandhi on Trump Tariff Deadline: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਅਮਰੀਕੀ ਟੈਰਿਫ ਨੀਤੀ ਨੂੰ ਲੈ ਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਮੋਦੀ ਸਰਕਾਰ ਅਮਰੀਕੀ ਦਬਾਅ ਹੇਠ ਆਉਣ ਵਾਲੀ ਹੈ ਤੇ ਟਰੰਪ ਦੁਆਰਾ ਨਿਰਧਾਰਤ ਸਮਾਂ ਸੀਮਾ ਅੱਗੇ ਝੁਕ ਜਾਵੇਗੀ।

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਪਿਊਸ਼ ਗੋਇਲ ਜਿੰਨੀ ਮਰਜ਼ੀ ਸ਼ੇਖੀ ਮਾਰ ਲਵੇ, ਮੇਰੇ ਗੱਲ ਨੋਟ ਕਰ ਲਓ, ਮੋਦੀ ਚੁੱਪਚਾਪ ਟਰੰਪ ਦੀ ਟੈਰਿਫ ਡੈੱਡਲਾਈਨ ਅੱਗੇ ਝੁਕ ਜਾਣਗੇ।" ਕਾਂਗਰਸ ਨੇਤਾ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਵਪਾਰ ਟੈਰਿਫ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਕਾਰ ਤਣਾਅ ਹੈ।

ਇਸ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਕੁਝ ਵਸਤੂਆਂ 'ਤੇ ਵਾਧੂ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਸੀ। ਵਿਰੋਧੀ ਧਿਰ ਇਸ ਮੁੱਦੇ 'ਤੇ ਕੇਂਦਰ ਸਰਕਾਰ ਦੇ ਜਵਾਬ 'ਤੇ ਲਗਾਤਾਰ ਸਵਾਲ ਉਠਾ ਰਹੀ ਹੈ।

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੀ ਕਿਹਾ?

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਸੀ ਕਿ ਭਾਰਤ ਆਪਣੀਆਂ ਸ਼ਰਤਾਂ 'ਤੇ ਵਪਾਰ ਸਮਝੌਤੇ ਕਰਦਾ ਹੈ। ਅਮਰੀਕਾ, ਯੂਰਪੀਅਨ ਯੂਨੀਅਨ, ਨਿਊਜ਼ੀਲੈਂਡ, ਓਮਾਨ, ਚਿਲੀ ਅਤੇ ਪੇਰੂ ਵਰਗੇ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿਰਫ਼ ਉਦੋਂ ਹੀ ਸੌਦਾ ਕਰਦਾ ਹੈ ਜਦੋਂ ਦੋਵਾਂ ਦੇਸ਼ਾਂ ਨੂੰ ਫਾਇਦਾ ਹੁੰਦਾ ਹੈ ਅਤੇ ਭਾਰਤ ਦੇ ਹਿੱਤ ਸੁਰੱਖਿਅਤ ਹੁੰਦੇ ਹਨ। ਦੇਸ਼ ਦਾ ਹਿੱਤ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਪਿਊਸ਼ ਗੋਇਲ ਨੇ ਇਹ ਵੀ ਕਿਹਾ ਕਿ ਭਾਰਤ ਕਿਸੇ ਵੀ ਸਮਾਂ ਸੀਮਾ ਦੇ ਦਬਾਅ ਹੇਠ ਸੌਦਾ ਨਹੀਂ ਕਰਦਾ। ਅਸੀਂ ਸਿਰਫ਼ ਉਦੋਂ ਹੀ ਸੌਦੇ ਨੂੰ ਮਨਜ਼ੂਰੀ ਦਿੰਦੇ ਹਾਂ ਜਦੋਂ ਇਹ ਦੇਸ਼ ਲਈ ਚੰਗਾ ਹੋਵੇ।

ਟੈਰਿਫ ਛੋਟ ਦੀ ਆਖਰੀ ਮਿਤੀ 9 ਜੁਲਾਈ ਨੂੰ ਖਤਮ ਹੋ ਰਹੀ

ਦਰਅਸਲ, ਭਾਰਤ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਕਿਸੇ ਵੀ ਦਬਾਅ ਹੇਠ ਵਪਾਰ ਸਮਝੌਤਾ ਨਹੀਂ ਕਰੇਗਾ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਭਗ 100 ਦੇਸ਼ਾਂ 'ਤੇ ਜਵਾਬੀ ਟੈਰਿਫ ਲਗਾਏ ਸਨ, ਜਿਸ ਵਿੱਚ ਭਾਰਤ 'ਤੇ 26% ਟੈਰਿਫ ਲਗਾਇਆ ਗਿਆ ਸੀ। ਹਾਲਾਂਕਿ ਬਾਅਦ ਵਿੱਚ ਅਮਰੀਕਾ ਨੇ ਇਨ੍ਹਾਂ ਟੈਰਿਫਾਂ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਸੀ, ਪਰ ਇਹ ਛੋਟ 9 ਜੁਲਾਈ ਨੂੰ ਖਤਮ ਹੋ ਰਹੀ ਹੈ। ਇਸ ਕਾਰਨ, ਇਸ ਵਪਾਰ ਸੌਦੇ ਬਾਰੇ ਚਰਚਾ ਤੇਜ਼ ਹੋ ਗਈ ਹੈ।