ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਕੀਤਾ ਹੈ। ਹਰਸਿਮਰਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਪਾਕਿਸਤਾਨ ਦੀ ਭਾਸ਼ਾ ਬੋਲਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਪੰਜਾਬ ਦੇ ਵਟਾਂਦਰੇ ਨੂੰ ਲੈ ਕੇ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹਰਸਿਮਰਤ ਕੌਰ ਨੇ ਕਿਹਾ, “ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਤੇ ਹਜ਼ਾਰਾਂ ਬੇਗੁਨਾਹਾਂ ਨੂੰ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਰਾਜੀਵ ਗਾਂਧੀ ਨੇ ਆਪਣੇ ਰਾਜਨੀਤਕ ਕਰੀਅਰ ‘ਚ ਲੱਖਾਂ ਸਿੱਖਾਂ ਦਾ ਕਤਲੇਆਮ ਕੀਤਾ। ਹੁਣ ਰਾਹੁਲ ਗਾਂਧੀ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ।”


ਹਰਸਿਮਰਤ ਨੇ ਇਹ ਵੀ ਇਲਜ਼ਾਮ ਲਾਇਆ ਕਿ, “ਜੇਕਰ ਪੰਜਾਬ ਦੀ ਵੰਡ ਹੋਈ ਤਾਂ ਉਹ ਜਵਾਹਰ ਲਾਲ ਨਹਿਰੂ ਦਾ ਫੈਸਲਾ ਸੀ। ਬਾਰਡਰ ਆਸਾਨੀ ਨਾਲ ਦੋ ਕਿਲੋਮੀਟਰ ਜ਼ਿਆਦਾ ਹੋ ਸਕਦਾ ਸੀ। ਸਿੱਖਾਂ ਨੂੰ ਦਬਾਉਣ ਤੇ ਗਿਰਾਉਣ ਲਈ ਨਹਿਰੂ ਵੱਲੋਂ ਪੰਜਾਬ ਤੋੜਣ ਤੋਂ ਬਾਅਦ ਇੰਦਰਾ ਨੇ ਹਰਿੰਦਰ ਸਾਹਿਬ ‘ਤੇ ਹਮਲਾ ਕੀਤਾ।”


ਕੇਂਦਰੀ ਮੰਤਰੀ ਨੇ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ, “ਆਖਰਕਾਰ ਸਾਨੂੰ 1984 ਦੇ ਮਾਮਲੇ ‘ਚ ਇਨਸਾਫ ਮਿਲ ਰਿਹਾ ਹੈ। ਕਰਤਾਰਪੁਰ ਸਾਹਿਬ ਲਾਂਘਾ ਮਿਲ ਰਿਹਾ ਹੈ, ਜੇਕਰ ਤੁਸੀਂ ਪੀਐਮ ਤੇ ਇਸ ਸਰਕਾਰ ਨਾਲ ਖੜ੍ਹੇ ਨਹੀਂ ਹੁੰਦੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਕਾਂਗਰਸ ਤੇ ਗਾਂਧੀ ਪਰਿਵਾਰ ਅੱਤਵਾਦ ਦਾ ਬਹਾਨਾ ਬਣਾ ਇਸ ਨੂੰ ਪਟੜੀ ਤੋਂ ਲਾਹ ਦੇਣਗੇ।”