ਚੰਡੀਗੜ੍ਹ: 'ਰੇਲ ਰੋਕੋ' ਪ੍ਰੋਗਰਾਮ ਨੂੰ ਦੇਸ਼ ਭਰ ਵਿੱਚ ਮਿਲੇ ਹੁੰਗਾਰੇ ਨਾਲ ਕਿਸਾਨ ਲੀਡਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਵੀਰਵਾਰ ਨੂੰ ਚਾਰ ਘੰਟੇ ਦੇ ਰੇਲ ਰੋਕੋ ਐਕਸ਼ਨ ਨੂੰ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਕਈ ਸੂਬਿਆਂ ਵਿੱਚ ਹਮਾਇਤ ਮਿਲੀ। ਦੇਸ਼ ਭਰ ਵਿੱਚੋਂ ਹਾਸਲ ਰਿਪੋਰਟਾਂ ਮਗਰੋਂ ਕਿਸਾਨ ਲੀਡਰ ਸੰਤੁਸ਼ਟ ਹਨ ਤੇ ਹੁਣ ਸੰਘਰਸ਼ ਨੂੰ ਹੋਰ ਤਿੱਖ ਕਰਨ ਦੀ ਰਣਨੀਤੀ ਘੜਨ ਲੱਗੇ ਹਨ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਦੱਸਿਆ ਕਿ ਰੇਲ ਰੋਕੋ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਂਚਲ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਮੁੰਬਈ ਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਵੀ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕੇਂਦਰ ਨੂੰ ਦੱਸ ਦਿੱਤਾ ਹੈ ਕਿ ਅੰਦੋਲਨ ਹੁਣ ਕੌਮੀ ਪੱਧਰ ਦੀ ਪਛਾਣ ਬਣਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਕੌਮੀ ਪੱਧਰ ’ਤੇ ਰੇਲ ਰੋਕੋ ਨੂੰ ਸਫਲ ਬਣਾਇਆ ਤੇ ਵੱਡੇ-ਛੋਟੇ ਰੇਲਵੇ ਸਟੇਸ਼ਨਾਂ ਦੀਆਂ ਰੇਲ ਪੱਟੜੀਆਂ ਰੋਕੀਆਂ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕੁਝ ਰਾਜਾਂ ਤੱਕ ਹੀ ਸੀਮਤ ਹੈ ਪਰ ਰੇਲ ਰੋਕੋ ਅੰਦੋਲਨ ਦੌਰਾਨ ਹੋਰ ਰਾਜਾਂ ਦੇ ਕਿਸਾਨਾਂ ਨੇ ਰੇਲਾਂ ਰੋਕ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ।
ਉਧਰ, 500 ਤੋਂ ਵੱਧ ਕਿਸਾਨ-ਮਜ਼ਦੂਰ ਜਥੇਬੰਦੀਆਂ ਵਾਲਾ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਵਿੱਚ ਜੁੱਟ ਗਿਆ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਕਿਸਾਨ ਅੰਦੋਲਨ ਜਨ ਅੰਦੋਲਨ ਵਿੱਚ ਤਬਦੀਲ ਹੋ ਰਿਹਾ ਹੈ। ਇਸ ਲਈ ਅਗਲੇ ਸਮੇਂ ਵਿੱਚ ਸਮਾਜ ਦੇ ਹੋਰ ਵਰਗਾਂ ਨੂੰ ਵੀ ਨਾਲ ਜੋੜ ਕੇ ਦੇਸ਼ ਵਿਆਪੀ ਲਹਿਰ ਖੜ੍ਹੀ ਕੀਤੀ ਜਾਵੇਗੀ।