Rajasthan Accident : ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਵਿੱਚ ਸੋਮਵਾਰ (2 ਨਵੰਬਰ) ਨੂੰ ਸੜਕ ਬਣਾਉਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਸੜਕ ਨਿਰਮਾਣ ਵਿੱਚ ਵਰਤੀ ਜਾ ਰਹੀ ਮਸ਼ੀਨ ਵਿੱਚ ਕਰੰਟ ਆਉਣ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਲੋਕ ਝੁਲਸ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕਰਕੇ ਜ਼ਖਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ UDH ਵਿਭਾਗ ਦੇ ਮੰਤਰੀ ਝਾਬਰ ਸਿੰਘ ਖਰਰਾ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਹੈ। ਮੰਤਰੀ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨਗੇ ਅਤੇ ਸੜਕ ਜਾਮ ਕਰਕੇ ਬੈਠੇ ਨਾਰਾਜ਼ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਨਗੇ।
ਹਾਈ-ਟੈਂਸ਼ਨ ਤਾਰ ਦੀ ਲਪੇਟ ਵਿੱਚ ਆਈ ਮਸ਼ੀਨ
ਇਹ ਹਾਦਸਾ ਝੁੰਝੁਨੂੰ ਜ਼ਿਲ੍ਹੇ ਦੇ ਉਦੈਪੁਰਵਾਟੀ ਇਲਾਕੇ ਦੇ ਪਿੰਡ ਛਾਪੋਲੀ ਵਿੱਚ ਵਾਪਰਿਆ। ਪੁਲਿਸ ਮੁਤਾਬਕ ਸੜਕ ਬਣਾਉਣ ਸਮੇਂ ਬੱਜਰੀ ਮਿਲਾਉਣ ਵਾਲੀ ਮਸ਼ੀਨ ਉੱਪਰੋਂ ਲੰਘ ਰਹੀ ਹਾਈ-ਟੈਂਸ਼ਨ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਈ।
ਇਸ ਕਾਰਨ ਮਸ਼ੀਨ ਵਿੱਚ ਕਰੰਟ ਫੈਲ ਗਿਆ ਅਤੇ ਉੱਥੇ ਕੰਮ ਕਰ ਰਹੇ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ। ਹਾਦਸੇ ਵਿੱਚ 8 ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੰਡਾਵਰਾ ਅਤੇ ਛਾਪੋਲੀ ਪਿੰਡਾਂ ਦੇ ਵਸਨੀਕਾਂ ਵਜੋਂ ਦੱਸੀ ਜਾ ਰਹੀ ਹੈ। ਪੰਜ ਜ਼ਖਮੀਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ।
ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਦਾ ਪ੍ਰਦਰਸ਼ਨ
ਉਦੈਪੁਰਵਾਟੀ ਥਾਣੇ ਦੇ ਇੰਚਾਰਜ ਰਾਮਪਾਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਸ਼ੀਨ ਹਾਈ-ਵੋਲਟੇਜ ਬਿਜਲੀ ਦੀ ਲਾਈਨ ਦੇ ਸੰਪਰਕ ਵਿੱਚ ਆਉਣ ਕਾਰਨ ਇਹ ਘਟਨਾ ਵਾਪਰੀ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਲੋਕਾਂ ਨੇ ਨਿਰਮਾਣ ਵਾਲੀ ਥਾਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਧਰਨਾ ਵੀ ਲਗਾਇਆ।
ਕਈ ਆਗੂਆਂ ਨੇ ਪ੍ਰਗਟਾਇਆ ਦੁੱਖ
ਮੁੱਖ ਮੰਤਰੀ ਭਜਨਲਾਲ ਸ਼ਰਮਾ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਰਾਜਪਾਲ ਹਰਿਭਾਊ ਬਾਗੜੇ ਅਤੇ ਵਿਧਾਨ ਸਭਾ ਸਪੀਕਰ ਵਾਸੂਦੇਵ ਦੇਵਨਾਨੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੀੜਤ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਣ ਦੀ ਅਰਦਾਸ ਕੀਤੀ।