ਨਵੀਂ ਦਿੱਲੀ: ਰਾਜਸਥਾਨ 'ਚ ਅਸ਼ੋਕ ਗਹਿਲੋਤ ਸਰਕਾਰ ਦੀ ਕੈਬਨਿਟ ਦਾ ਅੱਜ ਵਿਸਥਾਰ ਹੋ ਗਿਆ ਹੈ। ਮੁੱਖ ਮੰਤਰੀ ਨੇ ਕੁੱਲ 23 ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਜਗ੍ਹਾ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 17 ਪਹਿਲੀ ਵਾਰ ਮੰਤਰੀ ਬਣੇ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਸਮੇਤ ਕੁੱਲ 25 ਜਣੇ ਰਾਜਸਥਾਨ ਦੀ ਸਰਕਾਰ ਨੂੰ ਚਲਾਉਣਗੇ।


ਨਵੇਂ ਮੰਤਰੀ ਬਣੇ 23 ਵਿਧਾਇਕਾਂ ਨੇ ਅੱਜ ਆਪੋ-ਆਪਣੇ ਅਹੁਦਿਆਂ ਦੀ ਸਹੁੰ ਚੁੱਕ ਲਈ ਹੈ। ਇਨ੍ਹਾਂ 'ਚ 13 ਨੂੰ ਕੈਬਨਿਟ ਮੰਤਰੀ ਤੇ 10 ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਗਹਿਲੋਤ ਮੰਤਰੀ ਮੰਡਲ 'ਚ ਤਜ਼ਰਬੇ ਦੀ ਥਾਂ ਨੌਜਵਾਨ ਨੇਤਾਵਾਂ ਨੂੰ ਤਰਜੀਹ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 17 ਨੂੰ ਪਹਿਲੀ ਵਾਰ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ।

ਰਾਜਸਥਾਨ ਦੀਆਂ ਵਿਧਾਨ ਸਭਾ ਸੀਟਾਂ ਦੇ ਹਿਸਾਬ ਨਾਲ ਸੂਬੇ ਨੂੰ 30 ਮੰਤਰੀ ਮਿਲ ਸਕਦੇ ਹਨ, ਪਰ ਖਾਲੀ ਪੰਜ ਸੀਟਾਂ ਨੂੰ ਆਉਂਦੀਆਂ ਚੋਣਾਂ ਤੇ ਹੋਰਨਾਂ ਗਤੀਵਿਧੀਆਂ ਵਿੱਚ ਕੀਤੇ ਪ੍ਰਦਰਸ਼ਨ ਦੇ ਆਧਾਰ 'ਤੇ ਭਰਿਆ ਜਾਵੇਗਾ। ਇਸ ਤੋਂ ਇਲਾਵਾ ਸਾਬਕਾ ਮੰਤਰੀ ਰਾਜੇਂਦਰ ਪਾਰਿਕ, ਬ੍ਰਿਜੇਂਦਰ ਓਲਾ, ਦੀਪੇਂਦਰ ਸਿੰਘ ਸ਼ੇਖਾਵਤ, ਭਰਤ ਸਿੰਘ ਕੁੰਦਨਪੁਰ, ਮਹੇਂਦਰ ਜੀਤ ਮਾਲਵਿਆ, ਡਾਕਟਰ ਜਿਤੇਂਦਰ ਸਿੰਘ ਤੇ ਅਮੀਨ ਖ਼ਾਨ ਨੂੰ ਮੰਤਰੀ ਮੰਡਲ ਵਿੱਚ ਥਾਂ ਨਹੀਂ ਮਿਲੀ।