ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ਨੂੰ ਮੁੜ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨ ਕਿਸੇ ਵੀ ਸਖ਼ਤੀ ਤੋਂ ਡਰਨ ਵਾਲੇ ਨਹੀਂ। ਜੇ ਕੇਂਦਰ ਸਰਕਾਰ ਅੜੀ ਹੋਈ ਹੈ ਤਾਂ ਕਿਸਾਨ ਵੀ ਅਗਲੇ 35 ਮਹੀਨੇ ਅੰਦੋਲਨ ਜਾਰੀ ਰੱਖਣਗੇ। ਟਿਕੈਤ ਨੇ ਕਿਹਾ ਕਿ ਸਰਕਾਰ ਹਾਲਾਤ ਬਾਰੇ ਗੱਲ ਕਰਨਾ ਚਾਹੁੰਦੀ ਹੈ ਜਦੋਂਕਿ ਕਿਸਾਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਿਨਾਂ ਕੁਝ ਵੀ ਸਵੀਕਾਰ ਨਹੀਂ ਕਰਨਗੇ।

ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਸਖ਼ਤੀ ਬਾਰੇ ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਡਰਨ ਵਾਲੇ ਨਹੀਂ। ਕੁਝ ਮੋਰਚਿਆਂ ਉੁਪਰ ਇਕੱਠ ਘੱਟ ਹੋਣ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕਿਸਾਨਾਂ ਦੀ ਤਾਕਤ ਦੇਖਣਾ ਚਾਹੇਗੀ ਤਾਂ 5 ਲੱਖ ਟਰੈਕਟਰ ਫਿਰ ਦਿੱਲੀ ਪੁੱਜ ਜਾਣਗੇ। ਟਿਕੈਤ ਨੇ ਗੁਰਨਾਮ ਸਿੰਘ ਚੜੂਨੀ ਨੂੰ ਕੁਝ ਸਮੇਂ ਲਈ ਵੱਖ ਕਰਨ ਬਾਰੇ ਕਿਹਾ ਕਿ ਉਹ ਚੋਣਾਂ ਬਾਰੇ ਗੱਲ ਕਰ ਰਹੇ ਸਨ ਪਰ ਮੋਰਚਾ ਚੋਣਾਂ ਲੜਨ ਦੇ ਹੱਕ ਵਿੱਚ ਨਹੀਂ। ਉਹ ਛੇਤੀ ਹੀ ਮੋਰਚੇ ਨਾਲ ਮਿਲ ਜਾਣਗੇ।

 

ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮੱਵਾਲੀ ਆਖਣ ਬਾਰੇ ਟਿਕੈਤ ਨੇ ਕਿਹਾ, ‘ਕਿਸਾਨ ਔਰਤਾਂ ਦੀ ਇੱਜ਼ਤ ਕਰਦੇ ਹਨ ਪਰ ਕੁਝ ਲੋਕਾਂ ਵੱਲੋਂ ਅਜਿਹੀ ਭਾਸ਼ਾ ਇਸਤੇਮਾਲ ਕਰਨਾ ਗਲਤ ਹੈ। ਕਿਸਾਨ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਨਗੇ।’ ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ਕੀਤਾ ਸੀ, ‘ਕਿਸਾਨ ਸੰਸਦ ਨੇ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ ਹੈ। ਕਿਸਾਨ ਸੰਸਦ ਵੀ ਚਲਾਉਣਾ ਜਾਣਦੇ ਹਨ ਤੇ ਅਣਦੇਖੀ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਵੀ ਜਾਣਦੇ ਹਨ। ਕੋਈ ਭੁਲੇਖੇ ਵਿੱਚ ਨਾ ਰਹੇ।’

 

ਦੱਸ ਦਈਏ ਕਿ ਕਿਸਾਨਾਂ ਵਿੱਚ ਸਰਕਾਰ ਬਾਰੇ ਰੋਸ ਵਧਦਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਲੀਡਰਾਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹੱਠਧਰਮੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਦਾ ਕੋਈ ਅੰਕੜਾ ਨਾ ਹੋਣਾ ਮਨੁੱਖਤਾ ਤੇ ਸੰਵਿਧਾਨ ਵਿਰੋਧੀ ਹੈ।

 

ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 600 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਅੰਦੋਲਨ ਦੇ ਲੇਖੇ ਲਾ ਚੁੱਕੇ ਹਨ ਪਰ ਕੇਂਦਰੀ ਮੰਤਰੀ ਵੱਲੋਂ ਕਿਸਾਨਾਂ ਦੀਆਂ ਕੁਰਬਾਨੀਆਂ ਪ੍ਰਤੀ ਅੱਖਾਂ ਮੀਚਣ ਤੋਂ ਸਾਬਤ ਹੁੰਦਾ ਹੈ ਕਿ ਇਹ ਪਾਰਟੀ ਭਾਰਤ ਵਰਗੇ ਮੁਲਕ ’ਤੇ ਰਾਜ ਕਰਨ ਦੇ ਕਾਬਲ ਨਹੀਂ ਹੈ।

 

ਕਿਸਾਨ ਲੀਡਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਮੇਤ ਭਾਜਪਾ ਆਗੂਆਂ ਦਾ ਰਵੱਈਆ ਤਾਨਾਸ਼ਾਹ ਵਾਲਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਦਾ ਬਿਆਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਜ਼ਖ਼ਮਾਂ ਉਪਰ ਲੂਣ ਛਿੜਕਣ ਤੋਂ ਘੱਟ ਨਹੀਂ। ਸ਼ਹੀਦ ਹੋਏ ਕਿਸਾਨਾਂ ਬਾਰੇ ਅੰਕੜੇ, ਸੰਯੁਕਤ ਕਿਸਾਨ ਮੋਰਚੇ ਦੇ ਬਲੌਗ ਸਮੇਤ, ਕਈ ਸਰੋਤਾਂ ਤੋਂ ਲਏ ਜਾ ਸਕਦੇ ਸਨ ਪਰ ਸਰਕਾਰ ਦੀ ਨੀਅਤ ਸਾਫ ਨਹੀਂ।