ਅਹਿਮਦਾਬਾਦ: ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਬੀਜੇਪੀ ਦੇ ਗੜ੍ਹ ਗੁਜਰਾਤ ’ਚ ਜਾ ਕੇ ਕੇਂਦਰ ਸਰਕਾਰ ਨੂੰ ਵੰਗਾਰਿਆ ਹੈ। ਟਿਕੈਤ ਨੇ ਗੁਜਰਾਤ ਵਿੱਚ ਟਰੈਕਟਰ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦੇ ਘਿਰਾਉ ਦਾ ਸਮਾਂ ਆ ਗਿਆ ਹੈ ਤੇ ਲੋੜ ਪਈ ਤਾਂ ਬੈਰੀਕੇਡ ਵੀ ਤੋੜੇ ਜਾਣਗੇ।


ਗੁਜਰਾਤ ਦੇ ਦੌਰੇ 'ਤੇ ਨਿਕਲੇ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਕਿਸਾਨ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ, ‘ਕਿਸਾਨ ਆਪਣੇ ਟਰੈਕਟਰਾਂ ਦੀ ਵਰਤੋਂ ਕਰਕੇ ਗੁਜਰਾਤ ’ਚ ਅੰਦੋਲਨ ਕਰਨਗੇ। ਗਾਂਧੀਨਗਰ ਦੇ ਘਿਰਾਉ ਤੇ ਸੜਕਾਂ ਰੋਕਣ ਦਾ ਸਮਾਂ ਆ ਗਿਆ ਹੈ। ਜੇਕਰ ਜ਼ਰੂਰਤ ਪਈ ਤਾਂ ਅਸੀਂ ਬੈਰੀਕੇਡ ਵੀ ਤੋੜਾਂਗੇ।’


ਕਿਸਾਨ ਆਗੂ ਟਿਕੈਤ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਚਾਰ ਲਈ ਬੀਤੇ ਦਿਨ ਤੋਂ ਗੁਜਰਾਤ ਦੇ ਦੋ ਰੋਜ਼ਾ ਦੌਰੇ ’ਤੇ ਹਨ। ਦੌਰੇ ਦੇ ਦੂਜੇ ਦਿਨ ਟਿਕੈਤ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਨਾਲ ਸਾਬਰਮਤੀ ਆਸ਼ਰਮ ’ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।


ਟਿਕੈਤ ਨੇ ਕਿਹਾ, ‘ਇੱਥੇ ਅੰਦੋਲਨ ਨਾ ਹੋਣ ਕਾਰਨ ਕਿਸਾਨ ਨਿਰਾਸ਼ ਹਨ। ਕਿਸਾਨਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਖੁਸ਼ ਹਨ ਤੇ ਮੁਨਾਫਾ ਕਮਾ ਰਹੇ ਹਨ। ਕਿਰਪਾ ਕਰਕੇ ਸਾਨੂੰ ਵੀ ਉਹ ਤਕਨੀਕ ਦੱਸੋ ਜੋ ਗੁਜਰਾਤ ਦੇ ਕਿਸਾਨਾਂ ਨੂੰ ਲਾਭ ਕਮਾਉਣ ’ਚ ਮਦਦ ਕਰ ਰਹੀ ਹੈ।’


ਉਨ੍ਹਾਂ ਦਾਅਵਾ ਕੀਤਾ ਕਿ ਬਨਾਸਕਾਂਠਾ ਦੇ ਕਿਸਾਨ ਤਿੰਨ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਵੇਚਣ ਲਈ ਮਜਬੂਰ ਹਨ। ਗੁਜਰਾਤ ਲਈ ਭਵਿੱਖੀ ਯੋਜਨਾ ਬਾਰੇ ਟਿਕੈਤ ਨੇ ਕਿਹਾ, ‘ਕੀ ਇਹ ਕਿਸਾਨਾਂ ਨੂੰ ਖੁਸ਼ ਕਰਨ ਲਈ ਕਾਫੀ ਹੈ? ਅਸੀਂ ਇੱਥੇ ਕਿਸਾਨਾਂ ਦੇ ਮਨਾਂ ’ਚੋਂ ਡਰ ਕੱਢਣ ਆਏ ਹਾਂ। ਅਸੀਂ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਾਂਗੇ।’