Delhi Election: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ (Gurmeet Ram Rahim Parole) ਮਿਲ ਗਈ ਹੈ। ਜਾਣਕਾਰੀ ਅਨੁਸਾਰ ਰੋਹਤਕ ਜੇਲ੍ਹ ਪ੍ਰਸ਼ਾਸਨ ਨੇ ਮੰਗਲਵਾਰ ਸਵੇਰੇ 5:26 ਵਜੇ ਗੁਰਮੀਤ ਰਾਮ ਰਹੀਮ ਨੂੰ ਗੁਪਤ ਤਰੀਕੇ ਨਾਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਇਹ ਪੈਰੋਲ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਹੈ। ਦੱਸ ਦਈਏ ਕਿ ਰਾਮ ਰਹੀਮ ਦੇ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਸਮੇਤ ਹੋਰ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਹਨ।
ਇਸ ਵਾਰ ਸਿਰਸਾ ਡੇਰੇ ਵਿੱਚ ਰਹੇਗਾ ਰਾਮ ਰਹੀਮ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰਾਮ ਰਹੀਮ ਨੂੰ ਇਸ ਵਾਰ 20 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਵਾਰ ਬਾਬਾ ਬਾਗਪਤ ਦੇ ਬਰਨਾਵਾ ਵਿੱਚ ਨਹੀਂ ਸਗੋਂ ਸਿਰਸਾ ਸਥਿਤ ਡੇਰੇ ਵਿੱਚ ਰਹੇਗਾ। ਉਹ ਲਗਭਗ 8 ਸਾਲਾਂ ਬਾਅਦ ਸਿਰਸਾ ਪਹੁੰਚਿਆ ਹੈ। ਦੱਸ ਦਈਏ ਕਿ ਸਾਲ 2017 ਤੋਂ ਬਾਅਦ ਗੁਰਮੀਤ ਰਾਮ ਰਹੀਮ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।
ਜੇਲ੍ਹੋਂ ਲੈਣ ਆਈ ਹਨੀਪ੍ਰੀਤ
ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਹਨੀਪ੍ਰੀਤ ਖ਼ੁਦ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਲੈਣ ਲਈ ਡੇਰੇ ਦੀਆਂ ਦੋ ਗੱਡੀਆਂ ਸਮੇਤ ਜੇਲ੍ਹ ਪਹੁੰਚੀ ਸੀ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਾਮ ਰਹੀਮ ਪਿਛਲੇ 8 ਸਾਲਾਂ ਵਿੱਚ ਪਹਿਲੀ ਵਾਰ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਪਹੁੰਚਿਆ ਹੈ।
ਆਪਣੇ ਪੈਰੋਕਾਰਾਂ ਨੂੰ ਕੀਤੀ ਅਪੀਲ
ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਆਪਣੇ ਯੂਟਿਊਬ ਚੈਨਲ ਰਾਹੀਂ ਆਪਣੇ ਪੈਰੋਕਾਰਾਂ ਨੂੰ ਇੱਕ ਸੰਦੇਸ਼ ਜਾਰੀ ਕੀਤਾ ਹੈ ਅਤੇ ਉਸ ਨੇ ਕਿਹਾ ਕਿ ਇਸ ਵਾਰ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿਰਸਾ ਆਸ਼ਰਮ ਵਿੱਚ ਹੀ ਰਹੇਗਾ। ਗੁਰਮੀਤ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਸਾ ਨਾ ਆਉਣ ਅਤੇ ਜਿਵੇਂ ਡੇਰੇ ਦੇ ਸੇਵਾਦਾਰ ਕਹਿਣ, ਉਦਾਂ ਹੀ ਕਰਨ।
ਚੋਣਾਂ ਨਾਲ ਰਾਮ ਰਹੀਮ ਦਾ ਪੈਰੋਲ ਦਾ ਗੂੜਾ ਸਬੰਧ
ਯਾਦ ਕਰਵਾ ਦਈਏ ਕਿ ਰਾਮ ਰਹੀਮ ਦੀਆਂ ਪਿਛਲੀਆਂ ਪੈਰੋਲਾਂ ਜ਼ਿਆਦਾਤਰ ਉੱਤਰੀ ਭਾਰਤੀ ਰਾਜਾਂ ਵਿੱਚ ਚੋਣਾਂ ਨਾਲ ਮੇਲ ਖਾਂਦੀਆਂ ਰਹੀਆਂ ਹਨ। ਆਖਰੀ ਵਾਰ ਰਾਮ ਰਹੀਮ ਨੂੰ ਅਕਤੂਬਰ 2024 ਵਿੱਚ ਹਰਿਆਣਾ ਵਿਧਾਨ ਸਭਾ (Haryana Election) ਚੋਣਾਂ ਤੋਂ ਤਿੰਨ ਦਿਨ ਪਹਿਲਾਂ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਰਾਮ ਰਹੀਮ ਨੂੰ 1 ਅਕਤੂਬਰ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।
ਚੋਣਾਂ ਤੋਂ ਪਹਿਲਾਂ ਰਾਮ ਰਹੀਮ ਜੇਲ੍ਹੋਂ ਬਾਹਰ
ਪਿਛਲੇ ਸਾਲ ਅਕਤੂਬਰ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਉਸਨੂੰ 20 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਉਸਨੂੰ ਪਿਛਲੇ ਸਾਲ ਜਨਵਰੀ ਵਿੱਚ 50 ਦਿਨਾਂ ਲਈ ਤੇ ਫਿਰ 13 ਅਗਸਤ 2024 ਨੂੰ 21 ਦਿਨਾਂ ਲਈ ਰਿਹਾਅ ਕੀਤਾ ਗਿਆ ਸੀ।
ਰਾਜਸਥਾਨ ਚੋਣਾਂ ਤੋਂ ਪਹਿਲਾਂ ਬਾਹਰ
ਰਾਮ ਰਹੀਮ ਨੂੰ ਰਾਜਸਥਾਨ ਵਿਧਾਨ ਸਭਾ (Rajasthan Election ) ਚੋਣਾਂ ਤੋਂ ਪਹਿਲਾਂ ਨਵੰਬਰ 2023 ਵਿੱਚ 29 ਦਿਨਾਂ ਦੀ ਪੈਰੋਲ ਮਿਲੀ ਸੀ ਤੇ ਹਰਿਆਣਾ ਵਿੱਚ ਪੰਚਾਇਤ ਚੋਣਾਂ ਤੋਂ ਪਹਿਲਾਂ ਜੁਲਾਈ 2023 ਵਿੱਚ 30 ਦਿਨਾਂ ਦੀ ਪੈਰੋਲ 'ਤੇ ਬਾਹਰ ਸੀ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਮਿਲੀ ਪੈਰੋਲ
ਅਕਤੂਬਰ 2022 ਵਿੱਚ ਉਸਨੂੰ ਹਰਿਆਣਾ ਵਿੱਚ ਆਦਮਪੁਰ ਵਿਧਾਨ ਸਭਾ ਉਪ-ਚੋਣਾਂ ਤੋਂ ਪਹਿਲਾਂ 40 ਦਿਨਾਂ ਦੀ ਪੈਰੋਲ ਮਿਲੀ ਸੀ। ਇਸ ਤੋਂ ਇਲਾਵਾ ਉਸਨੂੰ ਹਰਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜੂਨ 2022 ਵਿੱਚ 30 ਦਿਨਾਂ ਦੀ ਪੈਰੋਲ ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ 2022 ਵਿੱਚ 21 ਦਿਨਾਂ ਦੀ ਫਰਲੋ ਮਿਲੀ ਸੀ।
ਜ਼ਿਮਨੀ ਚੋਣਾਂ ਵੇਲੇ ਵੀ ਆਇਆ ਬਾਹਰ
24 ਅਕਤੂਬਰ, 2020 ਨੂੰ ਗੁਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਇਹ ਰਿਹਾਈ ਸੋਨੀਪਤ ਵਿੱਚ ਬੜੌਦਾ ਉਪ-ਚੋਣਾਂ ਦੇ ਨਾਲ ਮੇਲ ਖਾਂਦੀ ਸੀ।
ਰਾਮ ਰਹੀਮ ਕਦੋਂ-ਕਦੋਂ ਆਇਆ ਜੇਲ੍ਹ ਬਾਹਰ ?
24 ਅਕਤੂਬਰ 2020 - ਹਸਪਤਾਲ ਵਿੱਚ ਦਾਖਲ ਆਪਣੀ ਮਾਂ ਨੂੰ ਮਿਲਣ ਲਈ ਪਹਿਲੀ 1 ਦਿਨ ਦੀ ਪੈਰੋਲ
21 ਮਈ 2021 - ਆਪਣੀ ਮਾਂ ਨੂੰ ਮਿਲਣ ਲਈ 12 ਘੰਟੇ ਦੀ ਪੈਰੋਲ
7 ਫਰਵਰੀ 2022 - ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨ ਦੀ ਪੈਰੋਲ
ਜੂਨ 2022 - 30 -ਦਿਨ ਦੀ ਪੈਰੋਲ
14 ਅਕਤੂਬਰ 2022 ਨੂੰ 40 ਦਿਨਾਂ ਦੀ ਮਿਲੀ ਪੈਰੋਲ
21 ਜਨਵਰੀ 2023 - ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ਵਿੱਚ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਮਿਲੀ
20 ਜੁਲਾਈ 2023 - ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ
21 ਨਵੰਬਰ 2023 - 21 ਦਿਨਾਂ ਦੀ ਫਰਲੋ 'ਤੇ ਬਾਗਪਤ ਆਸ਼ਰਮ ਪਹੁੰਚਿਆ
19 ਜਨਵਰੀ 2024 - 50 ਦਿਨਾਂ ਲਈ ਮਿਲੀ ਪੈਰੋਲ
13 ਅਗਸਤ 2024- 21 ਦਿਨਾਂ ਦੀ ਪੈਰੋਲ 'ਤੇ ਬਾਗਪਤ ਆਸ਼ਰਮ ਪਹੁੰਚਿਆ
2 ਅਕਤੂਬਰ 2024- 20 ਦਿਨਾਂ ਦੀ ਪੈਰੋਲ 'ਤੇ ਯੂਪੀ ਦੇ ਬਰਨਾਵਾ ਆਸ਼ਰਮ ਪਹੁੰਚਿਆ
28 ਜਨਵਰੀ 2025- ਰਾਮ ਰਹੀਮ ਹੁਣ 20 ਦਿਨਾਂ ਦੀ ਪੈਰੋਲ 'ਤੇ ਸਿਰਸਾ ਆਸ਼ਰਮ ਪਹੁੰਚਿਆ
ਰਾਮ ਰਹੀਮ ਨੂੰ ਕਿਹੜੇ ਮਾਮਲਿਆਂ ਵਿੱਚ ਸਜ਼ਾ ਹੋਈ?
ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਹੈ। ਇਨ੍ਹਾਂ ਵਿੱਚੋਂ ਹਰੇਕ ਮਾਮਲੇ ਵਿੱਚ ਉਸਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਅਤੇ ਡੇਰਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਨੂੰ 25 ਅਗਸਤ, 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਜਾਇਆ ਗਿਆ।