ਹਿਸਾਰ: ਸੱਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਦੂਜੇ ਕਤਲ ਕੇਸ ਵਿੱਚ ਵੀ ਉਮਰ ਕੈਦ ਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਹੋ ਗਈ ਹੈ। ਅਦਾਲਤ ਨੇ ਇਹ ਕੈਦ ਰਾਮਪਾਲ ਸਮੇਤ ਸਾਰੇ ਦੋਸ਼ੀਆਂ ਨੂੰ ਮੁਕੱਦਮਾ ਨੰਬਰ 430 ਦਾ ਫੈਸਲਾ ਕਰਦੇ ਹੋਏ ਸੁਣਾਈ ਹੈ। ਰਾਮਪਾਲ ਨੂੰ ਧਾਰਾ 343 ਹੇਠ ਵੀ ਦੋ ਸਾਲ ਦੀ ਕੈਦ ਤੇ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਦੇਣ ਦੇ ਹੁਕਮ ਹੋਏ ਹਨ।

ਇਹ ਸਜ਼ਾ ਵੀ ਬੀਤੇ ਦਿਨ ਹੋਈ ਸਜ਼ਾ ਦੇ ਨਾਲ ਹੀ ਚੱਲੇਗੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਦਾਲਤ ਨੇ ਰਾਮਪਾਲ ਨੂੰ ਕੇਸ ਨੰਬਰ 429 ਵਿੱਚ ਤਾਉਮਰ ਕੈਦ ਦੀ ਸਜ਼ਾ ਤੇ ਇੱਕ-ਇੱਕ ਲੱਖ ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਸਨ। ਰਾਮਪਾਲ ਨੂੰ ਇਹ ਸਜ਼ਾ ਨਵੰਬਰ 2014 ਵਿੱਚ ਉਸ ਦੀ ਗ੍ਰਿਫ਼ਤਾਰੀ ਦੌਰਾਨ ਹੋਈ ਹਿੰਸਾ ਵਿੱਚ ਚਾਰ ਔਰਤਾਂ ਤੇ ਇੱਕ ਬੱਚੇ ਦੀ ਮੌਤ ਹੋ ਜਾਣ ਕਾਰਨ ਮਿਲੀ ਸੀ। ਰਾਮਪਾਲ ਹੁਣ ਮੌਤ ਤਕ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਦਾ।

ਹਿਸਾਰ ਅਦਾਲਤ ਨੇ ਰਾਮਪਾਲ ਦੇ ਨਾਲ-ਨਾਲ 15 ਦੋਸ਼ੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬੀਤੀ 11 ਅਕਤੂਬਰ ਨੂੰ ਹਿਸਾਰ ਅਦਾਲਤ ਦੇ ਸੈਸ਼ਨ ਜੱਜ ਡੀਆਰ ਚਾਲਿਆ ਨੇ ਰਾਮਪਾਲ ਸਮੇਤ 15 ਲੋਕਾਂ ਨੂੰ ਮੁਕੱਦਮਾ ਨੰਬਰ 429 ਅਤੇ 430 ਵਿੱਚ ਦੋਸ਼ੀ ਕਰਾਰ ਦੇ ਦਿੱਤਾ ਸੀ।