ਨਵੀਂ ਦਿੱਲੀ: ਅੱਜ ਐਤਵਾਰ, ਪਹਿਲੀ ਅਗਸਤ ਤੋਂ ਰਾਸ਼ਟਰਪਤੀ ਭਵਨ ਤੇ ਮਿਊਜ਼ੀਅਮ ਕੰਪਲੈਕਸ ਆਮ ਲੋਕਾਂ ਦੇ ਵੇਖਣ ਲਈ ਖੁੱਲ੍ਹ ਗਏ ਹਨ। ਪਿਛਲੇ ਸਵਾ ਸਾਲ ਤੋਂ ਇਹ ਬੰਦ ਪਏ ਸਨ। ਦਰਅਸਲ, ਪਿਛਲੇ ਸਾਲ ਅਪ੍ਰੈਲ ’ਚ ਕੋਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਸਰਕਾਰ ਨੇ ਅਜਿਹੇ ਸਾਰੇ ਜਨਤਕ ਸਥਾਨ ਬੰਦ ਕਰਨ ਦਾ ਫ਼ੈਸਲਾ ਲਿਆ ਸੀ।


 
ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਸਨਿੱਚਰਵਾਰ-ਐਤਵਾਰ ਨੂੰ ਹੁਣ ਲੋਕ ਰਾਸ਼ਟਰਪਤੀ ਭਵਨ ਅੰਦਰੋਂ ਵੀ ਵੇਖ ਸਕਦੇ ਹਨ। ਇਸ ਲਈ ਵੱਖੋ-ਵੱਖਰੇ ਟਾਈਮ ਸਲੌਟ ਤੈਅ ਕੀਤੇ ਗਏ ਹਨ। ਇੱਕ ਵਾਰੀ ’ਚ ਵੱਧ ਤੋਂ ਵੱਧ 25 ਵਿਅਕਤੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਹੋਣਗੇ ਰਾਸ਼ਟਪਤੀ ਭਵਨ ਲਈ ਟਾਈਮ ਸਲੌਟ
·        ਸਵੇਰੇ 10:30 ਵਜੇ ਤੋਂ 11:30 ਵਜੇ ਤੱਕ
·        ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ
·        ਬਾਅਦ ਦੁਪਹਿਰ 2:30 ਵਜੇ ਤੋਂ ਸ਼ਾਮੀਂ 3:30 ਵਜੇ ਤੱਕ

 

ਰਾਸ਼ਟਰਪਤੀ ਭਵਨ ਅੰਦਰ ਸਥਿਤ ਮਿਊਜ਼ੀਅਮ (ਅਜਾਇਬਘਰ) ਕੰਪਲੈਕਸ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਹਫ਼ਤੇ ’ਚ ਮੰਗਲਵਾਰ ਤੋਂ ਐਤਵਾਰ ਤੱਕ 6 ਦਿਨ ਖੁੱਲ੍ਹਾ ਰਹੇਗਾ। ਇਸ ਲਈ ਵੀ ਹੇਠ ਲਿਖੇ ਅਨੁਸਾਰ ਟਾਈਮ ਸਲੌਟ ਤੈਅ ਕੀਤੇ ਗਏ ਹਨ, ਜਿਨ੍ਹਾਂ ਨੂੰ ਪਹਿਲਾਂ ਬੁੱਕ ਕਰਨਾ ਹੋਵੇਗਾ। ਇੱਕ ਵਾਰੀ ’ਚ ਵੱਧ ਤੋਂ ਵੱਧ 50 ਵਿਅਕਤੀ ਇਹ ਮਿਊਜ਼ੀਅਮ ਵੇਖ ਸਕਣਗੇ।

ਮਿਊਜ਼ੀਅਮ ਕੰਪਲੈਕਸ ਲਈ ਟਾਈਮ-ਸਲੌਟ:
·        ਸਵੇਰੇ 9:30 ਵਜੇ ਤੋਂ ਲੈ ਕੇ 11:30 ਵਜੇ ਤੱਕ
·        ਸਵੇਰੇ 11:30 ਵਜੇ ਤੋਂ 1:00 ਵਜੇ ਤੱਕ
·        ਦੁਪਹਿਰ 1:30 ਵਜੇ ਤੋਂ ਲੈ ਕੇ ਸ਼ਾਮੀਂ 3 ਵਜੇ ਤੱਕ
·        ਸ਼ਾਮੀਂ 3 ਵਜੇ ਤੋਂ ਲੈ ਕੇ 5:00 ਵਜੇ ਤੱਕ

 

ਰਾਸ਼ਟਰਪਤੀ ਭਵਨ ਅੰਦਰਲਾ ਬਾਗ਼ ਵੀ ਬਹੁਤ ਸੁੰਦਰ ਹੈ। ਬਹੁਤ ਸਾਰੇ ਲੋਕ ਤਾਂ ਉੱਥੇ ਰੰਗ-ਬਿਰੰਗੇ ਫੁੱਲ ਤੇ ਹੋਰ ਦੁਰਲੱਭ ਕਿਸਮ ਦੇ ਰੁੱਖ ਤੇ ਪੌਦੇ ਵੀ ਵੇਖਣ ਲਈ ਜਾਂਦੇ ਹਨ।

 

ਰਾਸ਼ਟਰਪਤੀ ਭਵਨ ਅਤੇ ਮਿਊਜ਼ੀਅਮ ਕੰਪਲੈਕਸ ਵੇਖਣ ਲਈ ਇਨ੍ਹਾਂ ਵੈੱਬਸਾਈਟਸ ਉੱਤੇ ਔਨਲਾਈਨ ਸਲੌਟ ਬੁੱਕ ਕੀਤੇ ਜਾ ਸਕਦੇ ਹਨ।

https://rashtrapatisachivalaya.gov.in

https://rbmuseum.gov.in