ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰਜਸ਼ੀਟ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਂਜੇ ਰਤੁਲ ਪੁਰੀ ਦੇ ਬੇਹਿਸਾਬ ਖਰਚਿਆਂ ਦਾ ਖੁਲਾਸਾ ਹੋਇਆ ਹੈ। ਰਤੁਲ ਨੂੰ ਈਡੀ ਨੇ ਅਗਸਤ ਵਿੱਚ 8,000 ਕਰੋੜ ਦੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਹ ਵੀਵੀਆਈਪੀ ਹੈਲੀਕਾਪਟਰ ਘੁਟਾਲੇ ਦਾ ਵੀ ਦੋਸ਼ੀ ਹੈ।


ਈਡੀ ਦੇ ਅਨੁਸਾਰ, ਰਤੁਲ ਦੁਬਈ ਦੇ ਹਵਾਲਾ ਆਪਰੇਟਰ ਰਾਕੇਸ਼ ਸਕਸੈਨਾ ਦੇ ਕ੍ਰੈਡਿਟ ਕਾਰਡ 'ਤੇ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਰਿਹਾ ਸੀ। ਉਹ ਇਕ ਪ੍ਰਾਈਵੇਟ ਜੈੱਟ ਵਿਚ ਯਾਤਰਾ ਕਰਦਾ ਸੀ ਤੇ ਉਸ ਦਾ ਹਰ ਰੋਜ਼ ਨਾਈਟ ਕਲੱਬ ਵਿੱਚ ਆਉਣਾ-ਜਾਣਾ ਬਣਿਆਂ ਰਹਿੰਦਾ ਸੀ। ਅਮਰੀਕਾ ਦੇ ਇੱਕ ਕਲੱਬ ਵਿੱਚ ਉਸ ਨੇ ਇੱਕੋ ਵਾਰ 'ਚ 11,43,980 ਡਾਲਰ, ਯਾਨੀ 7.8 ਕਰੋੜ ਰੁਪਏ ਖ਼ਰਚ ਕਰ ਦਿੱਤੇ ਸੀ।


ਹਾਲ ਹੀ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ, ਈਡੀ ਨੇ ਕਿਹਾ ਕਿ ਰਤੁਲ, ਉਸਦੇ ਸਹਿਯੋਗੀਆਂ ਤੇ ਮੋਜਰ ਬੀਅਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਂ ਸ਼ਾਮਲ ਹਨ। ਰਤੁਲ ਕੰਪਨੀ ਦਾ ਕਾਰਜਕਾਰੀ ਨਿਰਦੇਸ਼ਕ ਤੇ ਉਸ ਦੇ ਪਿਤਾ ਦੀਪਕ ਪੁਰੀ ਮੋਜਰ ਬਿਅਰ ਦੇ ਮਾਲਕ ਹਨ। ਈਡੀ ਮੁਤਾਬਕ ਰਤੁਲ 'ਤੇ ਬੈਂਕਾਂ ਤੋਂ 8,000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਇਸ ਨੂੰ ਦੂਜੇ ਗਰੁੱਪ ਵਿੱਚ ਟਰਾਂਸਫਰ ਕਰਨ ਦਾ ਦੋਸ਼ ਹੈ। ਏਜੰਸੀ ਨੇ ਰਤੁਲ ਦੁਆਰਾ ਮੋਜਰ ਬੀਅਰ ਨਾਲ ਸਬੰਧਿਤ ਦੇਸ਼-ਵਿਦੇਸ਼ ਦੇ ਕਈ ਖਾਤਿਆਂ ਵਿੱਚ ਰਕਮ ਟਰਾਂਸਫਰ ਕਰਨ ਦੀ ਜਾਂਚ ਕੀਤੀ ਹੈ।
ਈਡੀ ਮੁਤਾਬਕ ਰਤੁਲ ਨੇ ਨਵੰਬਰ 2011 ਤੋਂ ਅਕਤੂਬਰ 2016 ਵਿਚਾਲੇ ਸਕਸੈਨਾ ਦੇ ਕਾਰਡ ਤੋਂ 32 ਕਰੋਰ ਯਾਨੀ 45 ਲੱਖ ਡਾਲਰ ਦਾ ਖਰਚਾ ਕੀਤਾ। ਇਸ ਦੌਰਾਨ ਉਸ ਨੇ ਹਾਲੀਡੇ ਟ੍ਰਿਪ, ਪ੍ਰਾਈਵੇਟ ਜੈਟ ਵਿੱਚ ਯਾਤਰਾ ਕੀਤੀ ਤੇ ਨਾਈਟ ਕਲੱਬ ਵਿੱਚ ਜਾਣ ਲਈ ਬੇਹਿਸਾਬਾ ਖਰਚਾ ਕੀਤਾ।