ਨਵੀਂ ਦਿੱਲੀ: ਦੇਸ਼ ਦੇ 57 ਲੋਕਾਂ ਵੱਲ ਬੈਂਕਾਂ ਦਾ 85 ਹਜ਼ਾਰ ਕਰੋੜ ਰੁਪਏ ਬਕਾਇਆ ਹੈ। ਰਿਜ਼ਰਵ ਬੈਂਕ ਵੱਲੋਂ ਸੁਪਰੀਮ ਕੋਰਟ ਨੂੰ ਸੌਂਪੀ ਗਈ ਲਿਸਟ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਨਾਲ ਜੁੜੇ ਡਿਫਾਲਟਰਾਂ ਦੀ ਲਿਸਟ ਮੰਗੀ ਹੈ।
ਅੱਜ ਇਸ ਲਿਸਟ ਨੂੰ ਵੇਖਣ ਤੋਂ ਬਾਅਦ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ, "ਅਸੀਂ 500 ਕਰੋੜ ਰੁਪਏ ਤੋਂ ਉਪਰ ਦੇ ਕਰਜ਼ਦਾਰਾਂ ਦੀ ਲਿਸਟ ਮੰਗੀ ਸੀ, ਉਦੋਂ ਇਹ ਅੰਕੜਾ ਸਾਹਮਣੇ ਆਇਆ। ਜੇਕਰ ਇਸ ਤੋਂ ਹੇਠਾਂ ਦੀ ਜਾਣਕਾਰੀ ਵੀ ਮੰਗੀ ਹੁੰਦੀ ਤਾਂ ਸ਼ਾਇਦ ਇਹ ਅੰਕੜਾ ਇੱਕ ਲੱਖ ਕਰੋੜ ਰੁਪਏ ਤੋਂ ਵੀ ਉੱਪਰ ਹੁੰਦਾ।"
ਅੱਜ ਰਿਜ਼ਰਵ ਬੈਂਕ ਨੇ ਬਕਾਏਦਾਰਾਂ ਦੇ ਨਾਂ ਜਨਤਕ ਕਰਨ 'ਤੇ ਇਤਰਾਜ਼ ਜਤਾਇਆ। ਰਿਜ਼ਰਵ ਬੈਂਕ ਦੀ ਦਲੀਲ ਹੈ ਕਿ ਕੋਰਟ ਨੂੰ ਦਿੱਤੀ ਗਈ ਜਾਣਕਾਰੀ ਬੈਂਕ ਦੀ ਗੁਪਤ ਜਾਣਕਾਰੀ ਹੈ। ਇਸ ਨੂੰ ਜਨਤਕ ਕਰਨਾ ਬੈਂਕਾਂ ਦੇ ਵਪਾਰਕ ਹਿੱਤ ਦੇ ਖਿਲਾਫ ਹੈ। ਇਸ 'ਤੇ ਅਦਾਲਤ ਨੇ ਕਿਹਾ ਕਿਹਾ ਕਿ ਬੈਂਕਾਂ ਦੀ ਬਜਾਏ ਦੇਸ਼ ਦਾ ਹਿੱਤ ਜ਼ਿਆਦਾ ਅਹਿਮ ਹੈ। ਬਕਾਏਦਾਰਾਂ ਦੇ ਨਾਂ ਜਨਤਕ ਕਰਨ ਦੇ ਮਾਮਲੇ 'ਤੇ ਸੁਪਰੀਮ ਕੋਰਟ ਵਿੱਛ 28 ਅਕਤੂਬਰ ਨੂੰ ਸੁਣਵਾਈ ਹੋਏਗੀ।